ਬੀਬੀਐਨ ਨੈਟਵਰਕ ਪੰਜਾਬ, ਜਲੰਧਰ ਬਿਊਰੋ, 21 ਅਪ੍ਰੈਲ
ਭਗੌੜੇ ਅੰਮ੍ਰਿਤਪਾਲ ਨੂੰ ਭੱਜਣ ਵਿੱਚ ਮਦਦ ਕਰਨ ਦੇ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਬੁਲੋਵਾਲ ਹੁਸ਼ਿਆਰਪੁਰ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 24 ਅਪਰੈਲ ’ਤੇ ਰੱਖੀ ਗਈ ਹੈ। ਇਹ ਸੁਣਵਾਈ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਲਲਿਤ ਕੁਮਾਰ ਸਿੰਗਲਾ ਦੀ ਅਦਾਲਤ ਵਿੱਚ ਹੋਵੇਗੀ। ਮੁਲਜ਼ਮ ਨੇ ਆਪਣੀ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। ਅਮ੍ਰਿਤਪਾਲ ਦੇ ਫਰਾਰ ਹੋਣ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਪਾਲ ਬਰੇਜ਼ਾ ਗੱਡੀ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਿਆ ਹੈ। ਬਾਅਦ ਵਿੱਚ ਸੂਚਨਾ ਮਿਲੀ ਸੀ ਕਿ ਇਹ ਗੱਡੀ ਨਵਾਂ ਕਿਲਾ ਸ਼ਾਹਕੋਟ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਦੇ ਘਰ ਦੇ ਕੋਲ ਖੜੀ ਹੈ। ਪੁਲਿਸ ਨੇ ਗੱਡੀ ਨੂੰ ਜ਼ਬਤ ਕਰ ਲਿਆ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਮਨਪ੍ਰੀਤ ਸਿੰਘ ਨੇ ਹਰਪ੍ਰੀਤ ਸਿੰਘ, ਗੁਰਬੇਜ ਸਿੰਘ, ਗੁਰਦੀਪ ਸਿੰਘ ਨਾਲ ਮਿਲ ਕੇ ਅੰਮ੍ਰਿਤਪਾਲ ਨੂੰ ਭੱਜਣ ਵਿੱਚ ਮਦਦ ਲਈ ਸਪਲੈਂਡਰ ਮੋਟਰਸਾਈਕਲ ਅਤੇ ਬੁਲੇਟ ਮੋਟਰਸਾਈਕਲ ਦਾ ਪ੍ਰਬੰਧ ਕੀਤਾ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਥਾਣਾ ਸ਼ਾਹਕੋਟ ਵਿਖੇ 21 ਮਾਰਚ 2023 ਨੂੰ ਮਾਮਲਾ ਦਰਜ ਕੀਤਾ ਗਿਆ। ਵੀਰਵਾਰ ਨੂੰ ਹੈਪੀ ਦੇ ਵਕੀਲ ਨੇ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ, ਜਿਸ 'ਤੇ ਹੁਣ ਸੁਣਵਾਈ 24 ਅਪ੍ਰੈਲ ਨੂੰ ਹੋਵੇਗੀ।ਅਮ੍ਰਿਤਪਾਲ ਦੇ ਸਾਥੀ ਗੁਰਬੇਜ ਸਿੰਘ ਵਾਸੀ ਗੋਦਾਰਾ ਥਾਣਾ ਬਾਜਾਖਾਨਾ ਨੂੰ ਵੀਰਵਾਰ ਨੂੰ ਬਾਬਾ ਬਕਾਲਾ ਸਾਹਿਬ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਥਾਣਾ ਖਲਚੀਆਂ ਦੇ ਐਸਐਚਓ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਥਾਣਾ ਖਲਚੀਆਂ ਪੁਲੀਸ ਨੇ ਗੁਰਬੇਜ ਨੂੰ ਅਜਨਾਲਾ ਵਿੱਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਜੇਐਮਆਈਸੀ ਬਿਕਰਮਜੀਤ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ। ਉਥੋਂ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਵੱਖਵਾਦੀ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਲੰਡਨ ਨਹੀਂ ਜਾਣ ਦਿੱਤਾ ਗਿਆ, ਏਅਰਪੋਰਟ ਤੋਂ ਵਾਪਸ ਪਰਤੀ ਵੱਖਵਾਦੀ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਵੀਰਵਾਰ ਨੂੰ ਲੰਡਨ ਨਹੀਂ ਜਾਣ ਦਿੱਤਾ ਗਿਆ। ਜਦੋਂ ਉਹ ਲੰਡਨ ਜਾਣ ਲਈ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ ਤਾਂ ਉਥੇ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ। ਅਧਿਕਾਰੀਆਂ ਨੇ ਉਸ ਤੋਂ ਕਰੀਬ ਤਿੰਨ ਘੰਟੇ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਕਿਰਨਦੀਪ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨੂੰ ਮਿਲਣ ਲੰਡਨ ਜਾ ਰਹੀ ਸੀ। ਪੁੱਛਗਿੱਛ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੂੰ ਉਥੇ ਬੁਲਾਇਆ ਗਿਆ ਅਤੇ ਉਨ੍ਹਾਂ ਦੇ ਨਾਲ ਕਿਰਨਦੀਪ ਕੌਰ ਨੂੰ ਵਾਪਸ ਪਿੰਡ ਜੱਲੂਪੁਰ ਖੇੜਾ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਵੀਰਵਾਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੰਡਨ ਲਈ ਫਲਾਈਟ ਲੈ ਕੇ ਜਾਣ ਵਾਲੀ ਸੀ ਕਿ ਉਹ ਕਰੀਬ ਸਾਢੇ 11 ਵਜੇ ਉੱਥੇ ਪਹੁੰਚੀ। ਇਸ ਦੌਰਾਨ ਜਦੋਂ ਕਿਰਨਦੀਪ ਕੌਰ ਇਮੀਗ੍ਰੇਸ਼ਨ ਕਰਵਾਉਣ ਲਈ ਪਹੁੰਚੀ ਤਾਂ ਉਸ ਨੂੰ ਉਥੇ ਮੌਜੂਦ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰੋਕ ਲਿਆ। ਸਵੇਰੇ 11.30 ਵਜੇ ਤੋਂ ਦੁਪਹਿਰ 2.30 ਵਜੇ ਤੱਕ ਉਸ ਨੂੰ ਇਮੀਗ੍ਰੇਸ਼ਨ ਦਫ਼ਤਰ ਵਿੱਚ ਹੀ ਨਜ਼ਰਬੰਦ ਰੱਖਿਆ ਗਿਆ। ਤਿੰਨ ਘੰਟੇ ਤੱਕ ਚੱਲੀ ਪੁੱਛਗਿੱਛ ਵਿੱਚ ਉਸ ਤੋਂ ਕਈ ਸਵਾਲਾਂ ਦੇ ਜਵਾਬ ਦਿੱਤੇ ਗਏ ਪਰ ਕੋਈ ਵੀ ਅਧਿਕਾਰੀ ਇਹ ਦੱਸਣ ਨੂੰ ਤਿਆਰ ਨਹੀਂ ਕਿ ਉਸ ਤੋਂ ਕੀ ਪੁੱਛਿਆ ਗਿਆ। ਇਸ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਨੂੰ ਬੁਲਾਇਆ ਅਤੇ ਉਨ੍ਹਾਂ ਦੇ ਨਾਲ ਹੀ ਕਿਰਨਦੀਪ ਕੌਰ ਨੂੰ ਕਿਸੇ ਹੋਰ ਰਸਤੇ ਰਾਹੀਂ ਵਾਪਸ ਭੇਜ ਦਿੱਤਾ ਗਿਆ।ਦੱਸਣਯੋਗ ਹੈ ਕਿ ਵੱਖਵਾਦੀ ਸਮਰਥਕ ਅੰਮ੍ਰਿਤਪਾਲ ਸਿੰਘ ਦਾ ਵਿਆਹ ਕੁਝ ਮਹੀਨੇ ਪਹਿਲਾਂ ਇੰਗਲੈਂਡ ਦੀ ਰਹਿਣ ਵਾਲੀ ਕਿਰਨਦੀਪ ਕੌਰ ਨਾਲ ਹੋਇਆ ਸੀ। ਅੰਮ੍ਰਿਤਪਾਲ ਦੀ ਪਤਨੀ ਇੰਗਲੈਂਡ ਦੀ ਨਾਗਰਿਕ ਹੈ ਅਤੇ ਉਹ ਲੰਡਨ ਜਾਣਾ ਚਾਹੁੰਦੀ ਸੀ ਪਰ ਉਸ ਨੂੰ ਏਅਰਪੋਰਟ 'ਤੇ ਹੀ ਰੋਕ ਦਿੱਤਾ ਗਿਆ। ਕਿਰਨਦੀਪ ਕੌਰ 'ਤੇ ਬੱਬਰ ਖਾਲਸਾ ਨਾਲ ਸਬੰਧ ਰੱਖਣ ਅਤੇ ਫੰਡਿੰਗ ਕਰਨ ਦਾ ਦੋਸ਼ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਵੱਖਵਾਦੀ ਸਮਰਥਕ ਅੰਮ੍ਰਿਤਪਾਲ ਸਿੰਘ 'ਤੇ ਐਨਐਸਏ ਲਗਾਇਆ ਗਿਆ ਹੈ ਅਤੇ ਉਹ 18 ਮਾਰਚ 2023 ਤੋਂ ਫਰਾਰ ਹੈ। ਹੁਣ ਤੱਕ ਉਹ ਆਪਣੀਆਂ ਕਈ ਥਾਵਾਂ ਬਦਲ ਚੁੱਕਾ ਹੈ। ਪੰਜਾਬ ਪੁਲਿਸ ਨੇ ਕਈ ਥਾਵਾਂ 'ਤੇ ਛਾਪੇਮਾਰੀ ਵੀ ਕੀਤੀ ਹੈ, ਪਰ ਉਸ ਦਾ ਸੁਰਾਗ ਨਹੀਂ ਲਗਾ ਸਕੀ ਹੈ।
https://noticeboard.today/ਆਖਿਰ-ਪੰਜ-ਪਾਣੀਆਂ-ਦੀ-ਧਰਤੀ-ਉਤ/