ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 25 ਜੂਨ
ਪੰਜਾਬੀ ਫ਼ਿਲਮ ਜਗਤ ’ਚ ਲੰਮੇ ਮੀਲ ਪੱਥਰ ਸਾਬਤ ਕਰਨ ਵਾਲੀ ‘ਗੋਡੇ ਗੋਡੇ ਚਾਅ’ ਫ਼ਿਲਮ ਦੇ ਹਿੱਟ ਹੋਣ ’ਤੇ ਬਰਨਾਲਾ ਦੇ ਜੀ.ਈ. ਮਾਲ ’ਚ 26 ਜੂਨ ਦਿਨ ਸੋਮਵਾਰ ਨੂੰ ਸ਼ਾਮ 6 ਵਜੇ ਜਸ਼ਨ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀ.ਈ. ਮਾਲ ਬਰਨਾਲਾ ਦੇ ਪ੍ਰਬੰਧਕ ਅਕਸ਼ਿਤ ਤੇ ਅਨੁਭਵ, ਜੀ.ਐੱਮ ਨਵੀਨ ਭਾਰਦਵਾਜ ਤੇ ਫ਼ਿਲਮੀ ਨਿਰਦੇਸ਼ਕ ਭੁਪਿੰਦਰ ਬਰਨਾਲਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਫ਼ਿਲਮ ਹਿੱਟ ਹੋਣ ’ਤੇ ਇਸ ਫ਼ਿਲਮ ਦਾ ਇਕ ਸਪੈਸ਼ਲ ਸ਼ੋਅ ਸ਼ਾਮ 6 ਵਜੇ ਬਰਨਾਲਾ ਦੇ ਜੀ.ਈ.ਮਾਲ ਸਿਨੇਮਾ ’ਚ ਰੱਖਿਆ ਗਿਆ ਹੈ। ਇਸ ਸਪੈਸ਼ਲ ਸ਼ੋਅ ’ਚ ਬਰਨਾਲਾ ਦੇ ਸਮੁੱਚੇ ਸ਼ਾਸਨ, ਪ੍ਰਸ਼ਾਸਨ ਦੇ ਅਧਿਕਾਰੀਆਂ ਸਣੇ ਜ਼ਿਲ੍ਹੇ ਦੀਆਂ ਪ੍ਰਮੁੱਖ ਔਰਤਾਂ ਸ਼ਮੂਲੀਅਤ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਉਸ ਸਮੇਂ ਨੂੰ ਵਿਖਾਉਣ ਦੀ ਕੋਸ਼ਿਸ਼ ਹੈ, ਜਦੋਂ ਬਰਾਤਾਂ ‘ਚ ਸਿਰਫ਼ ਮਰਦਾਂ ਨੂੰ ਜਾਣ ਦੀ ਇਜਾਜ਼ਤ ਹੁੰਦੀ ਸੀ ।
ਔਰਤਾਂ ਨੂੰ ਵੀ ਬੜਾ ਚਾਅ ਹੁੰਦਾ ਸੀ ਬਰਾਤ ‘ਚ ਜਾਣ ਦਾ, ਪਰ ਉਸ ਸਮੇਂ ਔਰਤਾਂ ਨੂੰ ਬਰਾਤਾਂ ’ਚ ਜਾਣ ਦੀ ਸਖ਼ਤ ਮਨਾਹੀ ਹੁੰਦੀ ਸੀ । ਜਿਸ ਕਾਰਨ ਔਰਤਾਂ ਆਪਣੇ ਅਰਮਾਨਾਂ ਨੂੰ ਆਪਣੇ ਦਿਲਾਂ ‘ਚ ਹੀ ਦਬਾ ਲੈਂਦੀਆਂ ਸਨ। ਫ਼ਿਲਮ ’ਚ ਮੁੱਖ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਰੁਪਿੰਦਰ ਰੂਪੀ ਨੇ ਦੱਸਿਆ ਕਿ ਜਿੱਥੇ ਇਸ ਫ਼ਿਲਮ ’ਚ ਅਦਾਕਾਰਾ ਸੋਨਮ ਬਾਜਵਾ, ਨਿਰਮਲ ਰਿਸ਼ੀ ਤੇ ਤਾਨੀਆ ਮਰਦ ਪ੍ਰਧਾਨ ਸਮਾਜ ਦੀ ਸੋਚ ਬਦਲਣ ’ਚ ਕਾਮਯਾਬ ਹੁੰਦੀਆਂ ਹਨ, ਉਥੇ ਹੀ ਔਰਤ ਸਮਾਜ ਲਈ ਇਹ ਫਿਲਮ ਇਕ ਜਾਗਰਤੀ ਹੈ। ਇਸ ਵਿਸ਼ੇਸ਼ ਸ਼ੋਅ ’ਚ ਫ਼ਿਲਮ ਦੀ ਸਟਾਰ ਕਾਸਟ ਵੀ ਉੱਚੇਚੇ ਤੌਰ ’ਤੇ ਪੁੱਜ ਰਹੀ ਹੈ।