ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 28 ਜੂਨ
ਲੋਕਾਂ ਦੀਆਂ ਸਿਹਤ ਸਹੂਲਤਾਂ ਵੱਲ ਇੱਕ ਹੋਰ ਕਦਮ ਅੱਗੇ ਵਧਾਉਂਦਿਆਂ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਸਬ ਡਵਿਜ਼ਨਲ ਹਸਪਤਾਲ ਤਪਾ ਵਿਖੇ ਜਨ ਔਸ਼ਧੀ ਕੇਂਦਰ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਸਰਕਾਰ ਸਿਹਤ ਸਹੂਲਤਾਂ ਪ੍ਰਤੀ ਸੰਜੀਦਗੀ ਨਾਲ ਕਦਮ ਅੱਗੇ ਵਧਾ ਰਹੀ ਹੈ ਤਾਂ ਜੋ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਫ਼ਾਇਦਾ ਮਿਲ ਸਕੇ। ਉਨ੍ਹਾਂ ਦੱਸਿਆ ਕਿ ਇਸ ਜਨ ਔਸ਼ਧੀ ਕੇਂਦਰ ਵਿੱਚ 300 ਤੋਂ ਵੱਧ ਤਰ੍ਹਾਂ ਦੀਆਂ ਜੈਨਰਿਕ ਦਵਾਈਆਂ ਵਾਜਬ ਰੇਟਾਂ ‘ਤੇ ਮਿਲਣਗੀਆਂ, ਜਿਸ ਨਾਲ ਮਰੀਜ਼ਾਂ ਨੂੰ ਵੱਡੀ ਸਹੂਲਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਨਵੇਂ ਜਨ ਔਸ਼ਧੀ ਕੇਂਦਰ ਨਾਲ ਜ਼ਿਲ੍ਹੇ ਵਿੱਚ ਕੁੱਲ 4 ਜਨ ਔਸ਼ਧੀ ਕੇਂਦਰ ਹੋ ਗਏ ਹਨ।ਇਸ ਮੌਕੇ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਧੀਨ ਜ਼ਿਲ੍ਹਾ ਬਰਨਾਲਾ ਵਿੱਚ ਹੁਣ ਤੱਕ ਸਿਵਲ ਹਸਪਤਾਲ ਬਰਨਾਲਾ ਵਿਖੇ ਦੋ, ਕਮਿਉਨਟੀ ਹੈਲਥ ਸੈਂਟਰ ਧਨੌਲਾ ਵਿਖੇ ਇੱਕ ਅਤੇ ਇਹ ਚੌਥਾ ਜਨ ਔਸ਼ਧੀ ਕੇਂਦਰ ਸਬ ਡਵਿਜ਼ਨਲ ਹਸਪਤਾਲ ਤਪਾ ਵਿਖੇ ਖੋਲਿਆ ਗਿਆ ਹੈ। ਡਾ. ਨਵਜੋਤ ਪਾਲ ਸਿੰਘ ਭੁੱਲਰ ਐਸ.ਐਮ.ਓ. ਤਪਾ ਨੇ ਕਿਹਾ ਕਿ ਇਸ ਜਨ ਔਸ਼ਧੀ ਕੇਂਦਰ ਨਾਲ ਆਮ ਲੋਕਾਂ ਨੂੰ ਸਸਤੀ ਦਵਾਈਆਂ ਖ਼ਰੀਦਣ ਦੀ ਸਹੂਲਤ ਮਿਲੇਗੀ, ਜਿਸ ਦਾ ਆਮ ਲੋਕਾਂ ਨੂੰ ਸਿੱਧਾ ਫ਼ਾਇਦਾ ਹੋਵੇਗਾ । ਇਸ ਮੌਕੇ ਸੈਕਟਰੀ ਰੈੱਡ ਕਰਾਸ ਸਰਵਨ ਸਿੰਘ, ਐਸ.ਡੀ.ਐਚ. ਤਪਾ ਦੇ ਡਾਕਟਰ ਸਾਹਿਬਾਨ ਤੇ ਪਤਵੰਤੇ ਸੱਜਣ ਹਾਜ਼ਰ ਸਨ