ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ 28 ਜੂਨ
ਸਟੇਟ ਬੈਂਕ ਆਫ਼ ਇੰਡੀਆ ਲੀਡ ਬੈਂਕ ਦਫ਼ਤਰ ਬਰਨਾਲਾ ਵੱਲੋਂ ਜ਼ਿਲ੍ਹੇ ਦੀ 65ਵੀਂ ਮਾਰਚ 2023 ਤੱਕ ਦੀ ਖ਼ਤਮ ਹੋਈ ਤਿਮਾਹੀ ਦੀ ਜ਼ਿਲ੍ਹਾ ਸਲਾਹਕਾਰ ਸਮਿਤੀ, ਜ਼ਿਲ੍ਹਾ ਸਲਾਹਕਾਰ ਰੀਵਿਊ ਸਮਿਤੀ ਅਤੇ ਜ਼ਿਲ੍ਹਾ ਲੈਵਲ ਸਕਿਉਰਟੀ ਸਮਿਤੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜ਼) ਟੀ ਬੈਨਿਥ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਾਲ 2022-23 ਦੀ ਮਾਰਚ 2023 ਦੀ ਤਿਮਾਹੀ ਤੱਕ ਕਰਜ਼ਾ ਯੋਜਨਾ ਅਧੀਨ ਕਰਜ਼ਿਆਂ ਦੀ ਵੰਡ ਤੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ। ਜ਼ਿਲ੍ਹਾ ਪੱਧਰੀ ਸਕਿਉਰਟੀ ਸਮਿਤੀ ਦੀ ਮੀਟਿੰਗ ਵਿੱਚ ਡੀ.ਐਸ.ਪੀ ਸਕਿਉਰਟੀ ਕੁਲਵੰਤ ਸਿੰਘ ਅਤੇ ਐਸ.ਬੀ.ਆਈ ਬੈਂਕ ਦੇ ਜ਼ੋਨਲ ਸਕਿਉਰਟੀ ਅਫ਼ਸਰ ਮੇਜਰ ਦਿਲਪ੍ਰੀਤ ਸਿੰਘ ਨੇ ਹਿੱਸਾ ਲਿਆ। ਡੀ.ਐਸ.ਪੀ ਕੁਲਵੰਤ ਸਿੰਘ ਨੇ ਸਾਰੇ ਬੈਂਕਾਂ ਨੂੰ ਲੁੱਟ-ਖੋਹ ਦੀਆਂ ਵਾਰਦਾਤਾਂ ਤੋਂ ਚੌਕਸੀ ਵਰਤਣ ਲਈ ਕਿਹਾ ਅਤੇ ਹਦਾਇਤ ਕੀਤੀ ਕਿ ਬੈਂਕ ਦੇ ਸੀ.ਸੀ.ਟੀ.ਵੀ ਕੈਮਰੇ ਹਰ ਸਮੇਂ ਚਾਲੂ ਹਾਲਤ ਵਿੱਚ ਹੋਣੇ ਚਾਹੀਦੇ ਹਨ। ਮਹਿੰਦਰਪਾਲ ਗਰਗ, ਲੀਡ ਡਿਸਟ੍ਰਿਕਟ ਮੈਨੇਜਰ ਬਰਨਾਲਾ ਨੇ ਮੀਟਿੰਗ ਦਾ ਏਜੰਡਾ ਪੇਸ਼ ਕਰਦੇ ਹੋਏ ਦੱਸਿਆ ਕਿ 2022-23 ਦੀ ਯੋਜਨਾ ਅਧੀਨ ਬਰਨਾਲਾ ਜ਼ਿਲ੍ਹੇ ਵਿੱਚ ਬੈਂਕਾਂ ਨੇ ਮਾਰਚ 2023 ਦੀ ਖ਼ਤਮ ਹੋਣ ਵਾਲੀ ਤਿਮਾਹੀ ਤੱਕ ਤਰਜ਼ੀਹੀ ਖੇਤਰ ਵਿੱਚ 5038 ਕਰੋੜ ਰੁਪਏ ਦੇ ਕਰਜ਼ੇ ਵੰਡੇ, ਜਿਸ ਵਿੱਚ ਸਭ ਤੋਂ ਵੱਧ ਖੇਤੀਬਾੜੀ ਖੇਤਰ ਲਈ 3808 ਕਰੋੜ ਰੁਪਏ ਦੇ ਕਰਜ਼ੇ ਵੰਡੇ। ਰਿਜ਼ਰਵ ਬੈਂਕ ਦੇ ਤੈਅ ਮਾਣਕਾਂ ਅਨੁਸਾਰ ਬੈਂਕਾਂ ਦੀ ਕਰਜ਼ਾ ਜਮ੍ਹਾਂ ਅਨੁਪਾਤ 60 ਪ੍ਰਤੀਸ਼ਤ ਹੋਣੀ ਜ਼ਰੂਰੀ ਹੈ। ਬਰਨਾਲਾ ਜ਼ਿਲ੍ਹੇ ਦੀ ਇਹ ਅਨੁਪਾਤ 75.01 ਪ੍ਰਤੀਸ਼ਤ ਹੈ ਜੋ ਕਿ ਇਸ ਨਾਲੋਂ ਕਿਤੇ ਵੱਧ ਹੈ। ਵਿਕਰਮ ਢਾਡਾਂ ਏ.ਜੀ.ਐਮ ਆਰ.ਬੀ.ਆਈ ਨੇ ਕੁਝ ਸਰਕਾਰੀ ਬੈਂਕਾਂ ਦੀ ਘੱਟ ਕਰਜ਼ਾ ਜਮ੍ਹਾਂ ਅਨੁਪਾਤ ਅਤੇ ਟੀਚਿਆਂ ਤੋਂ ਘੱਟ ਕਰਜ਼ੇ ਦੇਣ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ।ਵਧੀਕ ਡਿਪਟੀ ਕਮਿਸ਼ਨਰ ਨੇ ਬੈਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਕਰਜ਼ੇ ਦੀਆਂ ਅਰਜ਼ੀਆਂ ਦਾ ਜਲਦ ਨਿਪਟਾਰਾ ਕਰਨ ਅਤੇ ਕੋਈ ਵੀ ਅਰਜ਼ੀ ਬਿਨਾਂ ਪੁਖ਼ਤਾ ਕਾਰਨ ਵਾਪਸ ਨਾ ਕੀਤੀ ਜਾਵੇ। ਉਨ੍ਹਾਂ ਸਾਰੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੀ.ਐਮ.ਜੇ.ਜੇ.ਬੀ.ਵਾਈ ਅਤੇ ਪੀ.ਐਮ.ਐਸ.ਬੀ.ਵਾਈ ਦੇ ਮੌਜੂਦਾ ਸੈਚੂਰਰੇਸ਼ਨ ਕੈਂਪ ਵਿੱਚ ਟੀਚਿਆਂ ਮੁਤਾਬਿਕ ਬੀਮੇ ਕੀਤੇ ਜਾਣ। ਗੁਰਪ੍ਰੀਤ ਸਿੰਘ ਡੀ.ਡੀ.ਐਮ ਨਾਬਾਰਡ ਨੇ ਦੱਸਿਆ ਕਿ ਜੇ.ਐਲ.ਜੀ ਸਕੀਮ ਦੇ ਅਧੀਨ ਕੋਆਪਰੇਟਿਵ, ਐਚ.ਡੀ.ਐਫ.ਸੀ, ਗ੍ਰਾਮੀਣ ਬੈਂਕ, ਕੈਨਰਾ ਬੈਂਕ ਅਤੇ ਪੰਜਾਬ ਐਂਡ ਸਿੰਧ ਬੈਂਕ ਵਧੀਆ ਕੰਮ ਕਰ ਰਹੇ ਹਨ। ਉਨ੍ਹਾਂ ਨੇ ਜੇ.ਐਲ.ਜੀ ਸਕੀਮ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਅੱਗੇ ਬੈਂਕਾਂ ਨੂੰ 2024—25 ਸਾਲ ਦੀ ਪੀ.ਐਲ.ਪੀ ਲਈ ਵੀ ਸੁਝਾਅ ਦੇਣ ਲਈ ਕਿਹਾ। ਮੈਡਮ ਮਨੀ ਮਿੱਤਲ ਬਾਗਬਾਨੀ ਵਿਭਾਗ ਪੰਜਾਬ ਨੇ ਖੇਤੀਬਾੜੀ ਇੰਨਫਰਾ ਫੰਡ ਸਕੀਮ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਅਤੇ ਹੁਣ ਤੱਕ ਦੇ ਮਨਜ਼ੂਰ ਹੋਏ ਬਰਨਾਲਾ ਜ਼ਿਲ੍ਹੇ ਦੇ ਕਰਜ਼ਿਆਂ ਦੀ ਜਾਣਕਾਰੀ ਦਿੱਤੀ। ਏ.ਡੀ.ਸੀ ਨੇ ਬੈਂਕਾਂ ਕੋਲੋਂ ਵੱਖ—ਵੱਖ ਸਰਕਾਰੀ ਮਹਿਕਮਿਆਂ ਦੀਆਂ ਪੈਂਡਿੰਗ ਪਈਆਂ ਕਰਜ਼ੇ ਦੀਆਂ ਦਰਖ਼ਾਸਤਾਂ ਦਾ ਜਲਦੀ ਨਿਪਟਾਰਾ ਕਰਨ ਲਈ ਕਿਹਾ। ਵਿਕਰਮ ਢਾਡਾਂ ਏ.ਜੀ.ਐਮ ਆਰ.ਬੀ.ਆਈ ਨੇ ਬੈਂਕਾਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਵਿਭਾਗਾਂ ਦੀਆਂ ਪੈਂਡਿੰਗ ਪਈਆਂ ਦਰਖ਼ਾਸਤਾਂ ਦਾ ਆਰ.ਬੀ.ਆਈ ਦੇ ਨਿਰਧਾਰਿਤ ਸਮੇਂ ਅਨੁਸਾਰ ਨਿਪਟਾਰਾ ਕਰਨ ਅਤੇ ਕੋਈ ਵੀ ਦਰਖ਼ਾਸਤਾਂ ਬਿਨ੍ਹਾਂ ਕਿਸੇ ਠੋਸ ਕਾਰਨ ਤੋਂ ਬਿਨਾਂ ਵਾਪਸ ਨਾ ਕਰਨ। ਮਹਿੰਦਰਪਾਲ ਗਰਗ, ਲੀਡ ਡਿਸਟ੍ਰਿਕਟ ਮੈਨੇਜਰ ਬਰਨਾਲਾ ਨੇ ਦੱਸਿਆ ਕਿ ਪੀ.ਐਮ.ਐਫ.ਐਮ.ਈ ਦੀ ਸਕੀਮ ਅਧੀਨ ਬਰਨਾਲਾ ਜ਼ਿਲ੍ਹੇ ਦੀ ਕਾਰਗੁਜ਼ਾਰੀ ਬਹੁਤ ਹੀ ਵਧੀਆ ਹੈ, ਜਿਸ ਵਿੱਚ ਕਿ ਹੁਣ ਤੱਕ ਲਗਭਗ 25.75 ਕਰੋੜ ਰੁਪਏ ਦੇ 118 ਲੋਨ ਹੋ ਚੁੱਕੇ ਹਨ। ਵਿਕਰਮ ਢਾਡਾਂ ਏ.ਜੀ.ਐਮ ਆਰ.ਬੀ.ਆਈ ਨੇ ਪੀ.ਐਨ.ਬੀ, ਐਚ.ਡੀ.ਐਫ਼.ਸੀ ਅਤੇ ਯੂਕੋ ਬੈਂਕ ਦੀਆਂ ਪਹਿਲਾਂ ਤੋਂ ਮਨਜ਼ੂਰ ਹੋਇਆ ਦਰਖ਼ਾਸਤਾਂ ਨੂੰ ਪੋਰਟਲ ਉੱਪਰ ਜਲਦ ਡਿਸਬਰਸ ਕਰਨ ਲਈ ਕਿਹਾ ਅਤੇ ਇਨ੍ਹਾਂ ਬੈਂਕਾਂ ਨੂੰ ਸਬੰਧਿਤ ਨਗਰਪਾਲਿਕਾਂ ਨਾਲ ਮਿਲ ਕੇ ਕੈਂਪ ਲਗਾਉਣ ਲਈ ਕਿਹਾ।ਉਨ੍ਹਾਂ ਨੇ ਮਹਿਲ ਕਲਾਂ ਅਤੇ ਸ਼ਹਿਣਾ ਬਲਾਕ ਲਈ ਕੋਆਪਰੇਟਿਵ ਅਤੇ ਪੰਜਾਬ ਗ੍ਰਾਮੀਣ ਬੈਂਕ ਜਲਦ ਤੋਂ ਜਲਦ ਐਫ.ਐਲ.ਸੀ ਨਿਯੁਕਤ ਕਰਨ ਲਈ ਕਿਹਾ ਸ੍ਰੀ ਵਿਕਰਮ ਢਾਡਾਂ ਨੇ ਬੈਂਕਾਂ ਨੂੰ 100 ਡੇਅਜ਼ ਅਤੇ 100 ਪੇਅਜ਼ ਦੀ ਆਰ.ਬੀ.ਆਈ ਦੀ ਸਕੀਮ ਬਾਰੇ ਦੱਸਿਆ। ਇਹ ਸਕੀਮ 1 ਜੂਨ ਤੋਂ ਸ਼ੁਰੂ ਹੋ ਗਈ ਹੈ। ਇਸ ਸਕੀਮ ਅਧੀਨ ਹਰ ਬੈਂਕ ਵਿੱਚ 100 ਅਨਕਲੇਮਡ ਡੀਪੋਜ਼ਿਟ ਦੇ ਗ੍ਰਾਹਕਾਂ ਨੂੰ 100 ਦਿਨਾਂ ਵਿੱਚ ਹਰ ਜ਼ਿਲ੍ਹੇ ਵਿੱਚ ਆਰ.ਬੀ.ਆਈ ਪੇਮੈਂਟ ਕਰੇਗਾ। ਉਨ੍ਹਾਂ ਸਾਰੇ ਬੈਂਕਾਂ ਨੂੰ ਇਸ ਸਕੀਮ ਵਿੱਚ ਯੋਗਦਾਨ ਦੇਣ ਲਈ ਕਿਹਾ।