ਬੀਬੀਐਨ ਨੈਟਵਰਕ ਪੰਜਾਬ, ਫਿਰੋਜ਼ਪੁਰ ਬਿਊਰੋ, 28 ਜੂਨ
ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਮਲਸੀਆ ਕਲਾਂ ਵਿਖੇ ਇਕ ਜੀਜੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਸਾਲ਼ੇ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰਿੰਗ ਅਤੇ ਕੁੱਟਮਾਰ ਵੀ ਕੀਤੀ। ਜਾਣਕਾਰੀ ਅਨੁਸਾਰ ਦੱਸਿਆ ਜਾਂਦਾ ਹੈ ਕਿ ਗੁਰਪ੍ਰੀਤ ਸਿੰਘ ਵਾਸੀ ਪਿੰਡ ਮਲਸੀਆ ਕਲਾਂ ਨੇ ਆਪਣੇ ਬਿਆਨਾਂ ਵਿਚ ਦੱਸਿਆ ਹੈ ਕਿ ਉਸ ਦੀ ਭੈਣ ਮਨਦੀਪ ਕੌਰ ਦਾ ਵਿਆਹ ਮੁਲਜ਼ਮ ਮੁਖਤਿਆਰ ਸਿੰਘ ਵਾਸੀ ਕੋਟ ਧਰਮਚੰਦ ਨਾਲ ਸਾਲ 2019 ਵਿਚ ਹੋਇਆ ਸੀ। ਮਨਦੀਪ ਦਾ ਸਹੁਰਾ ਪਰਿਵਾਰ ਉਸ ਨੂੰ ਦਾਜ ਘੱਟ ਲਿਆਉਣ ਕਰਕੇ ਪਰੇਸ਼ਾਨ ਤੇ ਕੁੱਟਮਾਰ ਕਰਨ ਲੱਗਾ ਤੇ ਉਸ ਦਾ ਜੀਜਾ ਵੀ ਆਨੇ-ਬਹਾਨੇ ਉਨ੍ਹਾਂ ਨੂੰ ਫੋਨ ’ਤੇ ਗਾਲ-ਗਲੋਚ ਕਰਦਾ ਰਹਿੰਦਾ ਸੀ। ਦੱਸ ਦਈਏ ਕਿ ਉਸ ਨੂੰ ਫੋਨ ਆਇਆ ਕਿ ਤੁਹਾਡਾ ਬਾਹਰਲੇ ਦੇਸ਼ ਤੋਂ ਪਾਰਸਲ ਆਇਆ ਹੈ। ਉਹ ਪਾਰਸਲ ਲੈਣ ਲਈ ਪਿੰਡ ਦੇ ਬੱਸ ਅੱਡਾ 'ਤੇ ਗਿਆ ਤਾਂ ਉੱਥੇ ਸਵਿਫਟ ਕਾਰ ਖੜ੍ਹੀ ਸੀ ਜਿਸ ਵਿਚ ਇਕ ਨੌਜਵਾਨ ਬੈਠਾ ਸੀ। ਉਸ ਨੇ ਆਪਣਾ ਮੂੰਹ ਕੱਪੜੇ ਨਾਲ ਢਕਿਆ ਹੋਇਆ ਸੀ ਤੇ ਤਿੰਨ ਨੌਜਵਾਨ ਆਪਣਾ ਮੂੰਹ ਢੱਕ ਕੇ ਬੱਸ ਅੱਡੇ 'ਤੇ ਲੁਕ ਕੇ ਖੜ੍ਹੇ ਸਨ, ਜਿਨ੍ਹਾਂ ਦੇ ਹੱਥਾਂ ਵਿਚ ਪਿਸਟਲ ਵੀ ਫੜੇ ਹੋਏ ਸੀ, ਜੋ ਉਸ ਦੀ ਕੁੱਟਮਾਰ ਕਰਨ ਲੱਗੇ ਤੇ ਹੱਥੋਪਾਈ ਹੁੰਦਿਆਂ ਉਨ੍ਹਾਂ ਦੇ ਚਿਹਰਿਆਂ ਤੋਂ ਕੱਪੜਾ ਲਹਿ ਗਿਆ ਸੀ। ਉਸ ਨੇ ਆਪਣੇ ਜੀਜੇ ਨੂੰ ਪਛਾਣ ਲਿਆ ਤੇ ਉਸ ਦੇ ਜੀਜੇ ਨੇ ਦਸਤੀ ਪਿਸਤੌਲ ਨਾਲ ਛੇ ਫਾਇਰ ਉਸ ’ਤੇ ਕੀਤੇ, ਜੋ ਖੱਬੇ ਪਾਸੇ ਦੀ ਲੰਘ ਗਏ। ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਮੁਲਜ਼ਮ ਮਾਰਨ ਤੇ ਸਬਕ ਸਿਖਾਉਣ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਕੁਲਵੰਤ ਸਿੰਘ ਨੇ ਬਿਆਨਾਂ ’ਤੇ ਪੁਲਿਸ ਨੇ ਦੋ ਵਿਅਕਤੀਆਂ ਸਮੇਤ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।