ਬਰਨਾਲਾ 27 ਜੂਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਬਰਨਾਲਾ ਵੱਲੋਂ ਸੰਘਰਸ਼ ਸੱਦੇ ਤਹਿਤ ਗੁੰਡਾ-ਪੁਲਿਸ-ਕਲੋਨਾਈਜਰ ਅਤੇ ਸਿਆਸੀ ਗੱਠਜੋੜ ਦੀਆਂ ਅਰਥੀਆਂ ਸਾੜਨ ਦੇ ਸੱਦੇ ਨੂੰ ਲਾਗੂ ਕਰਦਿਆਂ ਹੰਢਿਆਇਆ ਵਿਖੇ ਅਰਥੀ ਸਾੜੀ ਗਈ। ਇਸ ਸਬੰਧੀ ਬਲਾਕ ਬਰਨਾਲਾ ਦੇ ਆਗੂ ਜਸਵੰਤ ਸਿੰਘ ਹੰਢਿਆਇਆ ਨੇ ਦੱਸਿਆ ਕਿ ਪੁਲਿਸ ਨੇ ਭਾਕਿਯੂ ਏਕਤਾ ਡਕੌਂਦਾ ਦੇ ਸਰਗਰਮ ਕਾਰਕੁੰਨ ਅਰੁਣ ਕੁਮਾਰ ਵਾਹਿਗੁਰੂ ਸਿੰਘ ਆਸਥਾ ਕਲੋਨੀ ਬਰਨਾਲਾ ਵਿਰੁੱਧ ਸਖ਼ਤ ਧਾਰਾਵਾਂ ਤਹਿਤ ਝੂਠਾ ਪਰਚਾ ਦਰਜ ਕਰ ਦਿੱਤਾ ਹੈ। ਭਾਕਿਯੂ ਏਕਤਾ ਡਕੌਂਦਾ ਵੱਲੋਂ ਆਪਣੇ ਆਗੂ ਖਿਲਾਫ਼ ਪੁਲਿਸ ਵੱਲੋਂ ਨਜਾਇਜ਼ ਪਰਚਾ ਦਰਜ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਗੁੰਡਾ-ਪੁਲਿਸ-ਸਿਆਸੀ ਗੱਠਜੋੜ ਦੀਆਂ ਪਿੰਡ-ਪਿੰਡ ਅਰਥੀਆਂ ਸਾੜਨ ਦਾ ਐਲਾਨ ਕੀਤਾ ਹੋਇਆ ਹੈ। ਆਗੂਆਂ ਨੇ ਹੰਢਿਆਇਆ ਵਿਖੇ ਅਰਥੀ ਸਾੜ੍ਹ ਸਮਾਗਮ ਸਮੇਂ ਇਕੱਠੇ ਹੋਏ ਕਿਸਾਨਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਰੁਣ ਕੁਮਾਰ ਵਾਹਿਗੁਰੂ ਸਿੰਘ ਦਿੱਤੀ ਦਰਖਾਸਤ ਬਾਰੇ ਜਾਣਕਾਰੀ ਹਾਸਲ ਕਰਨ ਗਿਆ ਸੀ। ਮਿਉਂਸਪਲ ਕਮੇਟੀ ਅਧਿਕਾਰੀਆਂ ਸਲੀਮ ਮੁਹੰਮਦ ਜੇਈ ਅਤੇ ਹੋਰ ਕਰਮਚਾਰੀਆਂ ਨੂੰ ਨਾਲ ਲੈਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੀ ਧਾਰਮਿਕ ਆਸਥਾ ਨੂੰ ਵੀ ਠੇਸ ਪਹੁੰਚਾਈ ਹੈ। ਜਿਸ ਦੀ ਪੁਲਸ ਨੇ ਮਾਮੂਲੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਖਾਨਾ ਪੂਰਤੀ ਕਰ ਦਿੱਤੀ। ਪੁਲਿਸ ਦੇ ਇਸ ਪੱਖਪਾਤੀ ਰਵੱਈਏ ਬਾਰੇ ਪੁਲਿਸ ਅਧਿਕਾਰੀਆਂ ਨੂੰ ਜਾਣੂ ਕਰਵਾਕੇ ਮੰਗ ਕੀਤੀ ਕਿ ਸਾਰੇ ਦੋਸ਼ੀਆਂ ਨੂੰ ਬਣਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਜਾਵੇ। ਪਰ ਪੁਲਿਸ ਨੇ ਉਲਟਾ ਅਰੁਣ ਕੁਮਾਰ ਵਾਹਿਗੁਰੂ ਸਿੰਘ ਦੇ ਖ਼ਿਲਾਫ਼ ਹੀ ਉਸ ਦੀ ਕੁੱਟਮਾਰ ਕਰਨ ਵਾਲੇ ਮਿਉਂਸਪਲ ਕਮੇਟੀ ਦੇ ਜੇਈ ਦੀ ਝੂਠੀ ਸ਼ਿਕਾਇਤ ਤੇ ਸਖ਼ਤ ਧਾਰਾਵਾਂ ਤਹਿਤ ਝੂਠਾ ਪਰਚਾ ਦਰਜ ਕਰ ਦਿੱਤਾ ਹੈ। ਇਸ ਸਮੇਂ ਕੁਲਵੰਤ ਸਿੰਘ ਹੰਢਿਆਇਆ ਨੇ ਕਿਹਾ ਕਿ ਮਿਉਂਸਪਲ ਅਧਿਕਾਰੀਆਂ ਦੀ ਗੁੰਡਾਗਰਦੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 1 ਜੁਲਾਈ ਦੀ ਸੂਬਾਈ ਮੀਟਿੰਗ ਵਿੱਚ ਗੁੰਡਾ-ਪੁਲਿਸ-ਸਿਆਸੀ-ਕਲੋਨਾਈਜਰਾਂ ਦੇ ਗੱਠਜੋੜ ਨੂੰ ਬੇਨਕਾਬ ਕਰਨ ਲਈ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਸਮੇਂ ਹਾਜ਼ਰ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ, ਕਾਲੋਨਾਈਜ਼ਰਾਂ ਨਾਲ ਮਿਲਕੇ ਬੇਨਿਯਮੀਆਂ ਰਾਹੀਂ ਸੈਂਕੜੇ ਕਰੋੜਾਂ ਰੁਪਏ ਦਾ ਚੂਨਾ ਸਰਕਾਰ ਨੂੰ ਲਗਾ ਰਹੇ ਹਨ। ਇਸ ਕਰੋੜਾਂ ਰੁਪਏ ਦੇ ਘਪਲਿਆਂ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ
ਕੀਤੀ।ਇਸ ਸਮੇਂ ਕਰਮ ਸਿੰਘ, ਸੁਭਾਸ਼ ਚੰਦਰ,ਜੰਗੀਰ ਸਿੰਘ, ਕੀਰਤ ਸਿੰਘ, ਸ਼ਮਿੰਦਰ ਸਿੰਘ ਅਤੇ ਬੋਘਾ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।