ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ, 30 ਜੂਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਜੂਠ ਦਾ ਠੇਕਾ, ਸੁੱਕੀਆਂ ਰੋਟੀਆਂ ਦੀ ਵਿਕਰੀ ’ਚ ਲਗਪਗ ਇਕ ਕਰੋੜ ਦੀ ਹੇਰਾਫੇਰੀ ਸਾਹਮਣੇ ਆਈ ਹੈ। 62 ਲੱਖ ਦੀ ਹੇਰਾਫੇਰੀ ਤੋਂ ਸ਼ੁਰੂ ਹੋਈ ਇਹ ਪੜਤਾਲ ਹੁਣ ਕਰੀਬ ਇਕ ਕਰੋੜ ਰੁਪਏ ਤੱਕ ਪੁੱਜ ਗਈ ਹੈ। ਸ਼੍ਰੋਮਣੀ ਕਮੇਟੀ ਦੇ ਫਲਾਇੰਗ ਵਿਭਾਗ ਵੱਲੋਂ ਦੋ ਸਟੋਰਕੀਪਰਾਂ ਨੂੰ ਮੁਅੱਤਲ ਕਰ ਕੇ ਲੱਖਾਂ ਰੁਪਏ ਵਸੂਲਣ ਦਾ ਆਦੇਸ਼ ਦਿੱਤਾ ਸੀ। ਦੱਸ ਦੇਈਏ ਕਿ ਦੋ ਸਟੋਰਕੀਪਰਾਂ ਵੱਲੋਂ ਰਕਮ ਜਮ੍ਹਾਂ ਨਾ ਕਰਵਾਉਣ ਕਾਰਨ ਉਪਰੋਕਤ ਸਮੇਂ ਦੌਰਾਨ ਜਿੰਨੇ ਵੀ ਮੈਨੇਜਰਾਂ ਦੇ ਹੇਰਾਫੇਰੀ ਨਾਲ ਸਬੰਧਤ ਵੋਚਰਾਂ ’ਤੇ ਵੀ ਦਸਤਖਤ ਹਨ ਉਨ੍ਹਾਂ ਸਾਰਿਆਂ ਨੂੰ ਬਣਦੀ ਰਕਮ ਜਮ੍ਹਾਂ ਕਰਵਾਉਣ ਦੇ ਆਦੇਸ਼ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਹਨ। ਜਾਣਕਾਰੀ ਮੁਤਾਬਿਕ ਡੇਢ ਦਰਜਨ ਦੇ ਕਰੀਬ ਮੈਨੇਜਰ, ਸਟੋਰਕੀਪਰ, ਸੁਪਰਵਾਈਜ਼ਰ, ਇੰਸਪੈਕਟਰ ਆਦਿ ਇਸਦੇ ਨੁਕਸਾਨ ਲਈ ਜ਼ਿੰਮੇਵਾਰ ਠਹਿਰਾਏ ਗਏ ਹਨ। ਪਹਿਲਾਂ ਤਾਂ ਸਿਰਫ 2 ਸਟੋਰਕੀਪਰ ਹੀ ਜ਼ਿੰਮੇਵਾਰ ਮੰਨੇ ਗਏ ਸਨ। ਪੈਸੇ ਜਮ੍ਹਾਂ ਕਰਵਾਉਣ ਲਈ ਢਿੱਲਮੱਠ ਅਪਣਾਈ ਜਾ ਰਹੀ ਹੈ। ਮੈਨੇਜਰ ਸਮੇਤ ਕੁਝ ਮੁਲਾਜ਼ਮ ਆਪਣੇ-ਆਪ ਨੂੰ ਨਿਰਦੋਸ਼ ਦੱਸਦੇ ਹੋਏ ਖਾਤੇ ਪਈ ਰਕਮ ਜਮ੍ਹਾਂ ਕਰਵਾਉਣ ਤੋਂ ਇਨਕਾਰੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਹੇਰਾਫੇਰੀ ਕੀਤੀ ਹੈ ਉਹ ਹੀ ਜੁਰਮਾਨਾ ਭਰਨਗੇ।ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਸਤਬੀਰ ਸਿੰਘ ਧਾਮੀ ਨੇ ਕਿਹਾ ਕਿ ਇਸ ਮਾਮਲੇ ਦੀ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।