ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 1 ਜੁਲਾਈ
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕ੍ਰਿਕਟ ਵਿਸ਼ਵ ਕੱਪ-2023 ਲਈ ਪੀਸੀਏ ਸਟੇਡੀਅਮ ਮੁਹਾਲੀ ਨੂੰ ਮੇਜ਼ਬਾਨ ਸੂਚੀ ’ਚ ਨਾ ਸ਼ਾਮਲ ਕਰਨ ’ਤੇ ਇਤਰਾਜ਼ ਜ਼ਾਹਰ ਕੀਤਾ, ਬੀਸੀਸੀਆਈ ਨੂੰ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਗਿਆ ਹੈ। ਦੱਸ ਦਈਏ ਕਿ ਉਨ੍ਹਾਂ ਨੇ ਪੱਤਰ ਲਿਖਿਆ ਹੈ ਕਿ ਖੇਡਾਂ ਦੇ ਖੇਤਰ ਵਿਚ ਪੰਜਾਬ ਨੂੰ ਦੇਸ਼ ਦਾ ਮੋਹਰੀ ਅਤੇ ਝੰਡਾਬਰਦਾਰ ਹੋਣ ਦਾ ਮਾਣ ਵੀ ਹਾਸਲ ਹੈ। ਜਦੋਂ ਕੌਮੀ ਪੱਧਰ ’ਤੇ ਸਭ ਤੋਂ ਪਸੰਦੀਦਾ ਖੇਡ ਭਾਵ ਕ੍ਰਿਕਟ ਦੀ ਗੱਲ ਆਉਂਦੀ ਹੈ, ਤਾਂ ਪੰਜਾਬ ਨੇ ਕ੍ਰਿਕਟ ਜਗਤ ਨੂੰ ਲਾਲਾ ਅਮਰਨਾਥ, ਬਿਸ਼ਨ ਸਿੰਘ ਬੇਦੀ, ਮਹਿੰਦਰ ਅਮਰਨਾਥ, ਯਸ਼ਪਾਲ ਸ਼ਰਮਾ, ਮਦਨ ਲਾਲ, ਨਵਜੋਤ ਸਿੰਘ ਸਿੱਧੂ, ਹਰਭਜਨ ਸਿੰਘ, ਯੁਵਰਾਜ ਸਿੰਘ ਵਰਗੇ ਦਿੱਗਜ਼ ਤੇ ਹਾਲ ਹੀ ਵਿਚ ਧੁੰਮਾਂ ਪਾਉਣ ਵਾਲੇ ਸ਼ੁਭਮਨ ਗਿੱਲ ਤੇ ਅਰਸ਼ਦੀਪ ਸਿੰਘ ਵਰਗੇ ਕ੍ਰਿਕਟਰ ਦਿੱਤੇ ਹਨ। ਬੀਸੀਸੀਆਈ ਦੇ ਮੀਤ ਪ੍ਰਧਾਨ ਰਾਜੀਵ ਸ਼ੁਕਲਾ ਦੇ ਮੀਡੀਆ ਵਿਚ ਆਏ ਬਿਆਨ ਵਿਚ ਆਖਿਆ ਗਿਆ ਹੈ ਕਿ ਮੁਹਾਲੀ ਦਾ ਸਟੇਡੀਅਮ ਮੈਚ ਕਰਵਾਉਣ ਲਈ ਆਈਸੀਸੀ ਦੇ ਮਾਪਦੰਡਾਂ ਉਤੇ ਖਰਾ ਨਹੀਂ ਉਤਰਦਾ ਹੈ। ਮੈਂ ਆਪ ਜੀ ਤੋਂ ਜਾਣਨਾ ਚਾਹੁੰਦਾ ਹਾਂ ਕਿ ਅਜਿਹੇ ਕਿਹੜੇ ਆਈਸੀਸੀ ਦੇ ਮਾਪਦੰਡਾ ਹਨ ਜਿਨ੍ਹਾਂ ਦੇ ਆਧਾਰ ’ਤੇ ਮੈਚ ਲਈ ਮੁਹਾਲੀ ਅਯੋਗ ਹੈ। ਜਾਣਕਾਰੀ ਅਨੁਸਾਰ ਦਸਿਆ ਜਾਦਾ ਹੈ ਕਿ ਇਸ ਤੋਂ ਇਲਾਵਾ ਮਾਪਦੰਡਾਂ ਵਿਚ ਮੌਜੂਦਾ ਸਮੇਂ ਕੋਈ ਤਬਦੀਲੀ ਨਹੀਂ ਕੀਤੀ ਗਈ ਕਿਉਂਕਿ ਸਤੰਬਰ 2022 ਵਿਚ ਭਾਰਤ-ਆਸਟਰੇਲੀਆ ਮੈਚ ਖੇਡਿਆ ਗਿਆ ਹੈ। ਪਿਛਲੇ ਸਮੇਂ ’ਚ ਵਿਸ਼ਵ ਕੱਪ ਦੇ ਮੈਚ ਵੀ ਖੇਡੇ ਗਏ।