ਬੀਬੀਐਨ ਨੈਟਵਰਕ ਪੰਜਾਬ, ਬਠਿੰਡਾ ਬਿਊਰੋ, 3 ਜੁਲਾਈ
ਮੌੜ ਮੰਡੀ ਦੇ ਪਿੰਡ ਥੰਮਣਗੜ੍ਹ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਦੋ ਸਾਈਕਲ ਸਵਾਰਾਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਮਾਮਲੇ ਦੇ ਥਾਣੇ ਦੇ ਏਐੱਸਆਈ ਅਵਤਾਰ ਸਿੰਘ ਨੇ ਦੱਸਿਆਂ ਹੈ ਕਿ ਜ਼ਿਲ੍ਹੇ ਦੇ ਪਿੰਡ ਜੀਵਨ ਸਿੰਘ ਵਾਲਾ ਦਾ ਰਹਿਣ ਵਾਲਾ ਸੁਰਿੰਦਰ ਸਿੰਘ ਆਪਣੀ ਪਤਨੀ ਸੰਦੀਪ ਕੌਰ ਨਾਲ ਆਪਣੀ ਕਾਰ 'ਚ ਪਟਿਆਲਾ ਤੋਂ ਆਪਣੇ ਪਿੰਡ ਵਾਪਸ ਆ ਰਿਹਾ ਸੀ। ਦੱਸ ਦੇਈਏ ਕਿ ਜਦੋਂ ਉਹ ਮੌੜ ਮੰਡੀ ਦੇ ਪਿੰਡ ਥੰਮਣਗੜ੍ਹ ਨੇੜੇ ਪਹੁੰਚਿਆ ਤਾਂ ਅਚਾਨਕ ਉਨ੍ਹਾਂ ਦੀ ਕਾਰ ਦੇ ਅੱਗੇ ਆਵਾਰਾ ਪਸ਼ੂ ਆ ਗਿਆ,ਅਤੇ ਜਿਸ ਤੋਂ ਬਚਦਿਆਂ ਕਾਰ ਬੇਕਾਬੂ ਹੋ ਗਈ। ਅਵਤਾਰ ਸਿੰਘ ਨੇ ਦੱਸਿਆ ਹੈ ਕਿ ਕਾਰ ਸੜਕ ਕਿਨਾਰੇ ਸਾਈਕਲ ਸਵਾਰ ਗੁਰਤੇਜ ਸਿੰਘ ਅਤੇ ਜਸਵਿੰਦਰ ਸਿੰਘ ਦੇ ਉਪਰ ਜਾ ਵੱਜੀ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਕਾਰ ਇੱਕ ਟਰੱਕ ਨਾਲ ਟਕਰਾ ਕੇ ਖੇਤਾਂ ਵਿੱਚ ਜਾ ਡਿੱਗੀ ਅਤੇ ਇੱਕ ਦਰੱਖਤ ਨਾਲ ਜਾ ਟਕਰਾਈ। ਜਿਸਦੇ ਕਾਰਨ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਚਾਲਕ ਸੁਰਿੰਦਰ ਸਿੰਘ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਾਰ 'ਚ ਉਸ ਦੇ ਨਾਲ ਜਾ ਰਹੀ ਉਸ ਦੀ ਪਤਨੀ ਸੰਦੀਪ ਕੌਰ ਵੀ ਗੰਭੀਰ ਜ਼ਖਮੀ ਹੋ ਗਈ ਹੈ। ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਹੈ ਕਿ ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਕਾਰ ਵਿੱਚ ਪਈ ਗੰਭੀਰ ਹਾਲਤ ਵਿੱਚ ਪਈ ਔਰਤ ਨੂੰ ਬਾਹਰ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ।