ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 4 ਜੁਲਾਈ
ਯੂਏਈ ਤੋਂ ਸਕਰੈਪ ਦੇ ਆਏ 400 ਕੰਨਟੇਨਰ ਡ੍ਰਾਈ ਪੋਰਟ ਵੱਲੋਂ ਮਨਜ਼ੂਰੀ ਨਾ ਮਿਲਣ ਕਰਕੇ ਰੁਕੇ ਪਏ ਹਨ ਅਤੇ ਕਾਰਖ਼ਾਨੇਦਾਰ ਕਾਫ਼ੀ ਨਿਰਾਸ਼ ਨਜ਼ਰ ਆ ਰਹੇ ਹਨ ਨਾਲ ਹੀ ਉਨ੍ਹਾਂ ਨੂੰ ਆਪਣੇ ਕਾਰਖ਼ਾਨੇ ਚਲਾਉਣੇ ਮੁਸ਼ਕਿਲ ਹੋਏ ਪਏ ਹਨ। ਜਾਣਕਾਰੀ ਅਨੁਸਾਰ ਫਰਨੇਸ ਕਾਰੋਬਾਰੀਆਂ ਨੇ 2 ਮਹੀਨੇ ਪਹਿਲਾਂ ਯੂਏਈ ਤੋਂ ਸਕਰੈਪ ਦੇ 400 ਕੰਨਟੇਨਰ ਮੰਗਵਾਏ ਗਏ ਸਨ। ਜਿਸ ਨਾਲ ਫਰਨੇਸ ਕਾਰਖ਼ਨੇਦਾਰਾਂ ਦੀ ਸਕਰੈਪ ਨਾਲ ਸਬੰਧਤ ਜ਼ਰੂਰਤ ਦੀ ਪੂਰਤੀ ਹੋਣੀ ਸੀ। ਪਰ ਸਕਰੈਪ ਦੇ ਕੰਨਟੇਨਰ ਪਿਛਲੇ 2 ਮਹੀਨਿਆਂ ਤੋਂ ਡ੍ਰਾਈ ਪੋਰਟ ’ਤੇ ਰੁਕੇ ਪਏ ਹਨ। ਦੱਸ ਦੇਈਏ ਕਿ ਸਕਰੈਪ ਦੇ ਕੰਨਟੇਨਰ ਰੁਕਣ ਕਰਕੇ ਜਿੱਥੇ ਸਕਰੈਪ ਦੀ ਘਾਟ ਪੈਦਾ ਹੋ ਗਈ ਹੈ, ਨਾਲ ਹੀ ਉੱਥੇ ਕਾਰਖ਼ਾਨੇਦਾਰਾਂ ਦੇ ਕਰੋੜਾਂ ਰੁਪਏ ਵੀ ਫਸੇ ਪਏ ਹਨ। ਫਰਨੇਸਾਂ ’ਚ ਵਰਤੀ ਜਾਣ ਵਾਲੀ 50 ਫ਼ੀਸਦੀ ਤੋਂ ਵੱਧ ਸਕਰੈਪ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਤੋਂ ਭਾਰਤ ਵਿਚ ਆ ਰਹੀ ਹੈ ਅਤੇ ਹੁਣ ਯੂਏਈ ਤੋਂ ਆਏ ਸਕਰੈਪ ਦੇ ਕੰਨਟੇਨਰ ਫਸਣ ਨਾਲ ਫਰਨੇਸ ਕਾਰਖ਼ਾਨਿਆਂ ਦਾ ਉਤਪਾਦਨ ਵਿਚਾਲੇ ਲਟਕ ਗਿਆ ਹੈ। ਪਰ ਇਕ ਹਫ਼ਤਾ ਬੀਤ ਜਾਣ ’ਤੇ ਵੀ ਸਨਅਤਕਾਰਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਫਰਨੇਸ ਸਨਅਤਕਾਰਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਸੜਕਾਂ ’ਤੇ ਘੁੰਮਦੇ 15 ਸਾਲ ਪੁਰਾਣੇ ਵਾਹਨਾਂ ਨੂੰ ਸਕਰੈਪ ਕਰਨ ਦਾ ਹੁਕਮ ਵੀ ਜਾਰੀ ਕੀਤਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਫਰਨੇਸ ਐਂਡ ਅਲਾਇਡ ਇੰਡਸਟਰੀਜ਼ ਐਸੋਸੀਏਸ਼ਨ ਦੇ ਚੇਅਰਮੈਨ ਜਗਬੀਰ ਸਿੰਘ ਅਤੇ ਕਾਰਖ਼ਾਨੇਦਾਰਾਂ ਨੇ ਕਿਹਾ ਹੈ ਕਿ ਜੇਕਰ ਡ੍ਰਾਈ ਪੋਰਟ ’ਤੇ ਫਸੇ ਕੰਨਟੇਨਰਾਂ ਨੂੰ ਛੇਤੀ ਨਾ ਛੱਡਿਆ ਗਿਆ ਤਾਂ ਪੰਜਾਬ ਦੀਆਂ ਫਰਨੇਸਾਂ ਨੂੰ ਤਾਲੇ ਲੱਗ ਜਾਣਗੇ ਅਤੇ ਕੇਂਦਰ ਸਰਕਾਰ ਨੂੰ 15 ਸਾਲ ਪੁਰਾਣੇ ਵਾਹਨਾਂ ਨੂੰ ਵੀ ਸੜਕਾਂ ਤੋਂ ਹਟਾ ਕੇ ਸਕਰੈਪ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕੇਂਦਰ ਤੇ ਰਾਜ ਸਰਕਾਰ ਨੂੰ ਫਰਨੇਸ ਸਨਅਤਕਾਰਾਂ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ।