ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ, 4 ਜੁਲਾਈ
ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਦੀ ਜੂਠ ਤੇ ਸੁੱਕੀਆਂ ਰੋਟੀਆਂ ਦੀ ਵਿਕਰੀ ’ਚ ਹੋਈ ਇਕ ਕਰੋੜ ਦੀ ਹੇਰਾਫੇਰੀ ਦੀ ਹੋਈ ਬਦਨਾਮੀ ਅਤੇ ਇਸ ਤੋਂ ਬਾਅਦ ਹੀ ਸ਼੍ਰੋਮਣੀ ਕਮੇਟੀ ਸਬੰਧਤ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਨ ਦੀ ਤਿਆਰੀ ’ਚ ਹੈ। ਦੱਸ ਦੇਈਏ ਕਿ ਸਟੋਰ ਕੀਪਰ ਮਨਜੀਤ ਸਿੰਘ ਤੇ ਭੁਪਿੰਦਰ ਸਿੰਘ ਨੂੰ ਮੁਅੱਤਲ ਕਰਨ ਤੋਂ ਬਾਅਦ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਜਿਨ੍ਹਾਂ ਅਧਿਕਾਰੀਆਂ ਨੂੰ ਹੇਰਾਫੇਰੀ ’ਚ ਜ਼ਿੰਮੇਵਾਰ ਠਹਿਰਾਇਆ ਗਿਆ ਸੀ, ਅਤੇ ਇਨ੍ਹਾਂ ਵੱਲੋਂ ਵੀ ਹੁਣ ਤੱਕ ਖ਼ਾਨਾਪੂਰਤੀ ਲਈ ਕੁਝ ਕੁ ਰਕਮ ਜਮ੍ਹਾਂ ਕਰਵਾ ਕੇ ਆਪਣੀਆਂ ਨੌਕਰੀਆਂ ਨੂੰ ਬਚਾਇਆ ਗਿਆ ਹੈ। ਪਰ ਇਹ ਮਾਮਲਾ ਦੁਨੀਆ ਭਰ ’ਚ ਫੈਲਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਲਈ ਇਹ ਪੇਚੀਦਾ ਮਾਮਲਾ ਬਣਦਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਲਈ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ’ਚ ਸਖ਼ਤ ’ਤੇ ਮਿਸਾਲੀ ਕਾਰਵਾਈ ਕਰਨੀ ਪਵੇਗੀ। ਇਸੇ ਦਰਮਿਆਨ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਕਮੇਟੀ ਵੱਲੋਂ ਉਕਤ ਮਾਮਲੇ ’ਚ ਘਪਲੇਬਾਜ਼ਾਂ ਖ਼ਿਲਾਫ਼ ਠੋਸ ਕਾਰਵਾਈ ਨਾ ਕਰਨ ਬਾਰੇ ਪੱਤਰ ਵੀ ਲਿਖਿਆ ਗਿਆ ਹੈ। ਇਹ ਵੀ ਦਸਿਆ ਜਾਦਾ ਹੈ ਕਿ ਜਿਨ੍ਹਾਂ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਹੇਰੀਫੇਰੀ ਦੀ ਬਣਦੀ ਰਕਮ ਜਮ੍ਹਾਂ ਕਰਵਾਉਂਣ ਦੇ ਆਦੇਸ਼ ਹੋਏ ਹਨ ਉਹ ਕੁਝ ਵਪਾਰੀਆਂ ਜਿਹੜੇ ਸ੍ਰੀ ਦਰਬਾਰ ਸਾਹਿਬ ਲਈ ਰਸਦਾਂ ਪਹੁੰਚਾਉਣ ਦਾ ਧੰਦਾ ਕਰਦੇ ਹਨ, ਉਨ੍ਹਾਂ ਪਾਸੋਂ ਮਾਲੀ ਮਦਦ ਮੰਗ ਰਹੇ ਹਨ।