ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 3 ਜੁਲਾਈ
ਇਨਕਲਾਬੀ ਕੇਂਦਰ ਪੰਜਾਬ, ਜਿਲ੍ਹਾ ਬਰਨਾਲਾ ਵੱਲੋਂ ਤਰਕਸ਼ੀਲ ਭਵਨ ਬਰਨਾਲਾ ਵੱਲੋਂ ਗੁੰਡਗਰਦੀ ਦੇ ਵਾਪਰਦੇ ਵਰਤਾਰੇ, ਕਾਰਨ ਅਤੇ ਹੱਲ ਵਿਸ਼ੇ ਉੱਪਰ ਚੇਤੰਨ ਸਾਥੀਆਂ ਵੱਲੋਂ ਵਿਚਾਰ ਚਰਚਾ ਕੀਤੀ ਗਈ। ਇਸ ਵਿਚਾਰ ਚਰਚਾ ਵਿੱਚ ਕਲੋਨਾਈਜਰ-ਮਿਉਂਸਪਲ ਕਮੇਟੀ-ਪੁਲਿਸ-ਸਿਆਸੀ-ਗੁੰਡਾ ਗੱਠਜੋੜ ਨੂੰ ਪਹਿਚਾਣਦੇ ਹੋਏ ਇਸਦੇ ਅਸਲ ਕਾਰਨ ਅਜੋਕੇ ਮੁਨਾਫ਼ਾਖੋਰ ਸਮਾਜਿਕ ਪ੍ਰਬੰਧ ਨੂੰ ਸਮਝਣ ਅਤੇ ਤਬਦੀਲ ਕਰਨ ਦੀ ਗੱਲ ਕਹੀ। ਇਨਕਲਾਬੀ ਕੇਂਦਰ ਪੰਜਾਬ ਦੇ ਬਰਨਾਲਾ ਜਿਲ੍ਹੇ ਦੇ ਪ੍ਰਧਾਨ ਡਾਕਟਰ ਰਜਿੰਦਰਪਾਲ ਨੇ ਵਿਸ਼ੇ ਅਤੇ ਅੱਜ ਦੀਆਂ ਹਾਲਤਾਂ ਵਿੱਚ ਇਸ ਵਿਸ਼ੇ ਦੀ ਜਰੂਰਤ ਦੀ ਮਹੱਤਤਾ ਬਾਰੇ ਵਿਸਥਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਇਨਕਲਾਬੀ ਰਸਾਲੇ 'ਲਾਲ ਪਰਚਮ' ਦੇ ਸੰਪਾਦਕੀ ਬੋਰਡ ਦੇ ਮੈਂਬਰ ਕਾਮਰੇਡ ਮੱਖਣ ਕਾਲਸਾਂ ਨੇ ਅਜਿਹੀਆਂ ਘਟਨਾਵਾਂ ਦੇ ਅਸਲ ਕਾਰਨਾਂ ਨੂੰ ਜਾਣਨ ਸਮਝਣ ਲਈ ਸਮਾਜ ਦੇ ਵਿਗਿਆਨ ਨੂੰ ਸਿੱਖਣ ਦੀ ਨਸੀਅਤ ਦਿੰਦੇ ਹੋਏ ਜਨਤਕ ਸੰਘਰਸ਼ਾਂ ਦੇ ਨਾਲ ਨਾਲ ਸਿਆਸੀ ਤੌਰ ਖੁਦ ਨੂੰ ਚੇਤੰਨ ਹੋਣ ਤੇ ਇਸ ਵਿਗਿਆਨਕ ਚੇਤਨਾ ਦਾ ਪਸਾਰਾ ਕਰਨ ਦੀ ਮਹੱਤਤਾ 'ਤੇ ਜੋਰ ਦਿੱਤਾ। ਇਨਕਲਾਬੀ ਕੇਂਦਰ ਪੰਜਾਬ ਤੇ ਸੂਬਾ ਪ੍ਰਧਾਨ ਨਰੈਣ ਦੱਤ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ 26 ਸਾਲ ਤੋਂ ਚੱਲ ਰਹੇ ਮਹਿਲਕਲਾਂ ਲੋਕ ਘੋਲ ਸਮੇਤ ਲੋਕ ਘੋਲਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਤੇ ਇਸ ਤੋਂ ਵੀ ਵੱਧ ਮਹੱਤਵਪੂਰਨ ਵੱਡੀਆਂ ਜਿੱਤਾਂ ਜਿੱਤਣ ਲਈ ਇਨਕਲਾਬੀ ਕਾਫ਼ਲੇ ਨੂੰ ਵੱਡਾ ਕਰਨ ਦਾ ਸੁਨੇਹਾ ਦਿੱਤਾ।
ਨੌਜਵਾਨ ਆਗੂ ਜਗਮੀਤ ਬੱਲਮਗੜ੍ਹ ਨੇ ਸੰਬੋਧਨ ਕਰਦਿਆਂ ਬਰਾਬਰਤਾ ਵਾਲਾ ਸਮਾਜ ਸਿਰਜਣ ਅਤੇ ਇਨਕਲਾਬੀ ਤਾਕਤ ਨੂੰ ਵਿਕਸਿਤ ਕਰਨ ਲਈ ਨੌਜੁਵਾਨਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਨੌਜਵਾਨ ਆਗੂ ਹਰਪ੍ਰੀਤ ਨੇ ਇਨਕਲਾਬੀ ਭਵਿੱਖ ਦੇ ਵਾਰਸਾਂ ਦੇ ਤੌਰ ਤੇ ਨਵੀਂ ਪੀੜ੍ਹੀ ਦੇ ਨੌਜਵਾਨਾਂ ਲਈ ਅਰਥ ਭਰਭੂਰ ਜ਼ਿੰਦਗੀ ਜਿਉਣ ਲਈ ਇਨਕਲਾਬੀ ਜੱਦੋ ਜਹਿਦ ਦਾ ਅੰਗ ਬਣਨ ਦਾ ਸੁਨੇਹਾ ਦਿੱਤਾ। ਮੀਟਿੰਗ ਦੌਰਾਨ ਸਟੇਜ ਸੰਚਾਲਨ ਦੀ ਜਿੰਮੇਵਾਰੀ ਖੁਸ਼ਵਿੰਦਰਪਾਲ ਹੰਡਾਇਆ ਤੇ ਸੁਖਵਿੰਦਰ ਠੀਕਰੀਵਾਲ ਨੇ ਨਿਭਾਈ। ਇਸ ਸਮੇਂ ਸਾਥੀ ਜਗਤਾਰ ਬੈਂਸ, ਨਰਿੰਦਰ ਪਾਲ ਸਿੰਗਲਾ ਅਤੇ ਲਖਵਿੰਦਰ ਠੀਕਰੀਵਾਲ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਵਿਚਾਰ ਚਰਚਾ ਤੋਂ ਬਾਅਦ ਸਵਾਲ ਜਵਾਬ ਦੇ ਦੌਰ'ਚ ਹਾਜਰੀਨ ਨੇ ਅਹਿਮ ਸਵਾਲ ਰੱਖੇ, ਜਿਨ੍ਹਾਂ ਦਾ ਵਿਸਥਾਰਪੂਰਵਕ ਜਵਾਬ ਮੁੱਖ ਬੁਲਾਰੇ ਮੱਖਣ ਕਾਲਸਾਂ ਨੇ ਦਿੱਤੇ। ਇਸ ਤਰ੍ਹਾਂ ਇਹ ਵਿਚਾਰ ਚਰਚਾ ਵਿਗਿਆਾਨਕ ਨਜਰੀਏ ਰਾਹੀਂ ਹਰ ਵਾਪਰਦੇ ਵਰਤਾਰੇ ਨੂੰ ਜਾਨਣ, ਸਮਝਣ ਅਤੇ ਸਮਾਜ ਤਬਦੀਲੀ ਦੇ ਕਾਰਜ ਨੂੰ ਸੰਬੋਧਿਤ ਹੋਣ ਵਿੱਚ ਅਰਥ ਭਰਪੂਰ ਰਹੀ। ਅਖੀਰ ਵਿੱਚ ਇੱਕ ਮਤੇ ਰਾਹੀਂ ਬਰਨਾਲਾ ਵਿਖੇ ਭਾਕਿਯੂ ਏਕਤਾ ਡਕੌਂਦਾ ਦੇ ਕਿਸਾਨ ਕਾਰਕੁਨ ਅਰੁਣ ਕੁਮਾਰ ਵਹਿਗੁਰੂ ਉੱਪਰ ਵਾਪਰੀ ਗੁੰਡਾਗਰਦੀ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਣ ਅਤੇ ਦੋਸ਼ੀਆਂ ਖਿਲ਼ਾਫ ਸਖਤ ਕਾਰਵਾਈ ਕਰਨ ਲਈ ਸੰਘਰਸ਼ ਦੇ ਮੈਦਾਨ ਵਿੱਚ ਅੱਗੇ ਆਉਣ ਦਾ ਸੱਦਾ ਦਿੱਤਾ।