ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 4 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਜ਼ਿਲ੍ਹਾ ਕਮੇਟੀ ਬਰਨਾਲਾ ਦੀ ਇੱਕ ਵਿਸ਼ੇਸ਼ ਮੀਟਿੰਗ, ਗੁਰਦੁਆਰਾ ਕਾਲਾ ਮਹਿਰ ਬਰਨਾਲਾ ਵਿਖੇ, ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ ਦੀ ਪ੍ਰਧਾਨਗੀ ਹੇਠ ਹੋਈ। ਇਹ ਮੀਟਿੰਗ ਪਿਛਲੇ ਦਿਨੀਂ ਨਗਰ ਕੌਂਸਲ ਬਰਨਾਲਾ ਦੇ ਜੇ.ਈ. ਸਲੀਮ ਮੁਹੰਮਦ ਅਤੇ ਉਸਦੇ ਸਾਥੀਆਂ ਵੱਲੋਂ, ਬੀਕੇਯੂ ਏਕਤਾ (ਡਕੌਂਦਾ) ਦੇ ਸਰਗਰਮ ਕਾਰਕੁੰਨ ਅਰੁਨ ਕੁਮਾਰ ਵਾਹਿਗੁਰੂ ਸਿੰਘ ਦੀ ਕੁੱਟਮਾਰ ਕਰਨ ਅਤੇ ਉਲਟਾ ਵਾਹਿਗੁਰੂ ਸਿੰਘ ’ਤੇ ਹੀ ਪਰਚਾ ਦਰਜ ਕਰਨ ਦੇ ਖ਼ਿਲਾਫ਼ ਅਗਲਾ ਐਕਸ਼ਨ ਤੈਅ ਕਰਨ ਲਈ ਬੁਲਾਈ ਗਈ ਸੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ, ਜ਼ਿਲ੍ਹਾ ਜਨਰਲ ਸਕੱਤਰ ਸਾਹਿਬ ਸਿੰਘ ਬਡਬਰ, ਜ਼ਿਲ੍ਹਾ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਜ਼ਿਲ੍ਹਾ ਖ਼ਜ਼ਾਨਚੀ ਗੁਰਦੇਵ ਸਿੰਘ ਮਾਂਗੇਵਾਲ, ਬਰਨਾਲਾ ਬਲਾਕ ਦੇ ਪ੍ਰਧਾਨ ਬਾਬੂ ਸਿੰਘ ਖੁੱਡੀਕਲਾਂ ਅਤੇ ਮਹਿਲਕਲਾਂ ਬਲਾਕ ਦੇ ਪ੍ਰਧਾਨ ਨਾਨਕ ਸਿੰਘ ਨੇ ਕਿਹਾ ਕਿ ਗ਼ੈਰ-ਕਾਨੂੰਨੀ ਵਿਸਥਾਰ ਕੀਤਾ ਹੈ, ਜਿਸ ਕਾਰਨ ਕਲੋਨੀ ਵਾਸੀਆਂ ਨੂੰ ਪਾਣੀ, ਸੜਕਾਂ, ਪਾਰਕਾਂ, ਖੇਡ ਮੈਦਾਨਾਂ, ਸੀਵਰੇਜ ਆਦਿ ਦੀ ਸਮੱਸਿਆਵਾਂ ਆ ਰਹੀਆਂ ਹਨ। ਇਸ ਸਬੰਧ ਵਿੱਚ ਵਾਹਿਗੂਰ ਸਿੰਘ ਨੇ ਡੀਸੀ ਬਰਨਾਲਾ ਨੂੰ ਅਰਜ਼ੀ ਦਿੱਤੀ ਜਿਹੜੀ ਉਨ੍ਹਾਂ ਨੇ ਨਗਰ ਕੌਂਸਲ ਬਰਨਾਲਾ ਨੂੰ ਭੇਜ ਦਿੱਤੀ ਸੀ।
ਬੀਤੇ ਦਿਨੀਂ ਵਾਹਿਗੁਰੂ ਸਿੰਘ ਉਸ ਅਰਜ਼ੀ ਸਬੰਧੀ ਪਤਾ ਕਰਨ ਗਿਆ ਸੀ ਕਿ ਹੁਣ ਤੱਕ ਉਸ ’ਤੇ ਕੀ ਕਾਰਵਾਈ ਹੋਈ ਹੈ। ਪਰ ਨਗਰ ਕੌਂਸਲ ਦੇ ਜੇਈ ਸਲੀਮ ਮੁਹੰਮਦ ਨੇ, ਜੋ ਕਿ ਪਹਿਲਾਂ ਵੀ ਕਈ ਲੋਕਾਂ ਦੀ ਕੁੱਟਮਾਰ ਕਰ ਚੁੱਕਾ ਹੈ, ਆਪਣੇ ਹੋਰ ਸਾਥੀਆਂ ਨਾਲ ਵਾਹਿਗੂਰ ਸਿੰਘ ’ਤੇ ਹਮਲਾ ਕਰ ਦਿੱਤਾ, ਸੋਟੀਆਂ ਨਾਲ ਕੁੱਟਮਾਰ ਕੀਤੀ, ਉਸ ਦੀ ਪੱਗ ਲਾਹ ਦਿੱਤੀ ਤੇ ਉਸ ਦੀ ਦਾੜ੍ਹੀ ਵੀ ਪੁੱਟੀ। ਬਾਅਦ ਵਿੱਚ ਪੁਲਿਸ ਨੇ ਵਾਹਿਗੁਰੂ ਸਿੰਘ ਦੀ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਦੇ ਨਾਲ ਨਾਲ ਵਾਹਿਗੁਰੂ ਸਿੰਘ ’ਤੇ ਵੀ ਪਰਚਾ ਦਰਜ ਕਰ ਦਿੱਤਾ ਹੈ, ਜਿਸ ਦੇ ਖ਼ਿਲਾਫ਼ 14 ਜੁਲਾਈ ਤੱਕ ਜਥੇਬੰਦੀ ਵੱਲੋਂ ਕੋਈ ਵੀ ਵੱਡਾ ਐਕਸ਼ਨ ਕੀਤਾ ਜਾਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਬਰਨਾਲਾ ਦੇ ਪੁਲਿਸ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸੂਬਾ ਖ਼ਜ਼ਾਨਚੀ ਬਲਵੰਤ ਸਿੰਘ ਉੱਪਲੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਅਰੁਣ ਕੁਮਾਰ ਵਾਹਿਗੁਰੂ ਸਿੰਘ ਖ਼ਿਲਾਫ਼ ਦਰਜ ਕੀਤਾ ਝੂਠਾ ਪੁਲਿਸ ਕੇਸ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਈ ਅਤੇ ਸਾਜ਼ਿਸ਼ ਘਾੜੇ ਕਲੋਨਾਈਜਰ ਸੋਨੀ ਖਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ। ਇਸ ਮੀਟਿੰਗ ਵਿੱਚ ਸ਼ਹਿਣਾ ਬਲਾਕ ਦੇ ਜਨਰਲ ਸਕੱਤਰ ਕਾਲਾ ਜੈਦ, ਅਮਨਦੀਪ ਸਿੰਘ ਭਦੌੜ, ਜ਼ਿਲ੍ਹੇ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਠੁੱਲੀਵਾਲ, ਸੁਖਵਿੰਦਰ ਸਿੰਘ ਉੱਪਲੀ ,ਭਾਗ ਸਿੰਘ ਸੁਖਦੇਵ ਸਿੰਘ ਕੁਰੜ, ਬੂਟਾ ਸਿੰਘ ਫਰਵਾਹੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਵੀ ਹਾਜ਼ਰ ਸਨ।