ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ ਮਹਿਲਕਲਾਂ, 3 ਜੁਲਾਈ
ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ ਦੀ ਅਹਿਮ ਮੀਟਿੰਗ ਗੁਰਦਵਾਰਾ ਪਾਤਸ਼ਾਹੀ ਛੇਵੀਂ ਮਹਿਲਕਲਾਂ ਵਿਖੇ ਕਨਵੀਨਰ ਗੁਰਬਿੰਦਰ ਸਿੰਘ ਕਾਲਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸਾਰੇ ਹੀ ਐਕਸ਼ਨ ਕਮੇਟੀ ਮੈਂਬਰ ਸ਼ਾਮਿਲ ਹੋਏ। ਮੀੀਟੰਗ ਵਿੱਚ ਹੋਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਐਕਸ਼ਨ ਕਮੇਟੀ ਦੇ ਬੁਲਾਰੇ ਨਰਾਇਣ ਦੱਤ ਨੇ ਦੱਸਿਆ ਕਿ ਐਕਸ਼ਨ ਕਮੇਟੀ ਦੀ ਸੁੱਚੇਜੀ ਅਗਵਾਈ ਵਿੱਚ ਮਹਿਲਕਲਾਂ ਲੋਕ ਘੋਲ ਨੇ ਸਫਲਤਾ ਪੂਰਵਕ 25 ਵਰ੍ਹੇ ਪੂਰੇ ਕਰ ਲਏ ਹਨ। ਇਸ ਲੋਕ ਘੋਲ ਨੂੰ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਵੱਖੋ-ਵੱਖ ਵਿਚਾਰਾਂ ਦੇ ਸਾਂਝੇ ਗੁਲਦਸਤੇ ਨੇ ਲੋਕ ਤਾਕਤ ਉੱਪਰ ਟੇਕ ਰੱਖਕੇ ਅੱਗੇ ਵਧਣ ਦੀ ਵਿਗਿਆਨਕ ਦਰੁੱਸਤ ਬੁਨਿਆਦ ਰਾਹੀ ਉਸਾਰੀ ਕਰਦਿਆਂ ਵੱਡੀਆਂ ਚੁਣੌਤੀਆਂ ਦਾ ਟਾਕਰਾ ਵੀ ਕੀਤਾ ਅਤੇ ਨਵੀਆਂ ਇੱਤਿਹਾਸਕ ਜਿੱਤਾਂ ਵੀ ਜਿੱਤੀਆਂ ਹਨ। ਇਹ ਇਸ ਲੋਕ ਘੋਲ ਦੀ ਵਿਲੱਖਣਤਾ ਹੈ ਕਿ ਅੱਜ ਵੀ ਅਗਵਾਈ ਕਰਨ ਵਾਲੀ ਟੀਮ ਇੱਕਜੁੱਟ ਹੈ ਅਤੇ ਦੂਜੀ ਵਿਲੱਖਣਤਾ ਇਹ ਹੈ ਕਿ 25 ਸਾਲ ਦੇ ਲੰਬੇ ਅਰਸੇ ਦੌਰਾਨ ਲੋਕ ਹਮਾਇਤ ਇਸ ਲੋਕ ਘੋਲ ਦੀ ਢਾਲ ਅਤੇ ਤਲਵਾਰ ਬਣਕੇ ਚਟਾਨ ਵਾਂਗ ਖੜ੍ਹੀ ਹੈ। ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਨੇ ਹਰ ਸੰਘਰਸ਼ ਸੱਦੇ ਨੂੰ ਪੂਰੀ ਦ੍ਰਿੜਤਾ ਨਾਲ ਲਾਗੂ ਕਰਕੇ ਐਕਸ਼ਨ ਕਮੇਟੀ ਦੀ ਦਰੁੱਸਤ ਅਗਵਾਈ ਵਿੱਚ ਭਰੋਸਾ ਪ੍ਰਗਟਾਇਆ ਹੈ। ਇਸ 25 ਸਾਲਾਂ ਦੇ ਅਰਸੇ ਦੌਰਾਨ ਵੱਡੀ ਤੋਂ ਵੱਡੀ ਚੁਣੌਤੀ ਸਮੇਂ ਜਨਤਕ ਲਾਮਬੰਦੀ ਪੱਖੋਂ ਵੀ ਅਤੇ ਆਰਥਿਕ ਪੱਖੋਂ ਵੀ ਘਾਟ ਨਹੀਂ ਆਉਣ ਦਿੱਤੀ। ਐਕਸ਼ਨ ਕਮੇਟੀ ਲੋਕਾਈ ਵੱਲੋਂ ਪ੍ਰਗਟਾਏ ਵਿਸ਼ਵਾਸ ਲਈ ਬੇਹੱਦ ਰਿਣੀ ਹੈ। ਆਗੂਆਂ ਉਮੀਦ ਜਾਹਰ ਕੀਤੀ ਕਿ ਭਲੇ ਹੀ ਹੁਣ ਇਸ ਲੋਕ ਘੋਲ ਨੂੰ ਸਿੱਧੇ ਰੂਪ 'ਚ ਕੋਈ ਚੁਣੌਤੀ ਦਰਪੇਸ਼ ਨਹੀਂ ਹੈ। ਪਰ ਵੱਡੀ ਚੁਣੌਤੀ ਕਿ ਔਰਤਾਂ ਉੱਪਰ ਜਬਰ ਜੁਲਮ ਹਰ ਆਏ ਦਿਨ ਵਧ ਰਿਹਾ ਹੈ। ਔਰਤਾਂ ਉੱਪਰ ਜਬਰ ਇਸ ਲੋਕ ਦੋਖੀ ਢਾਂਚੇ ਦੀ ਪੈਦਾਵਾਰ ਹੈ। ਔਰਤਾਂ ਉੱਤੇ ਜੁਲਮਾਂ ਦੀ ਮੁਕੰਮਲ ਮੁਕਤੀ ਦਾ ਕਾਰਜ ਇਸ ਲੁਟੇਰੇ ਤੇ ਜਾਬਰ ਢਾਂਚੇ ਦੀ ਤਬਦੀਲੀ ਨਾਲ ਜੁੜਿਆ ਹੋਇਆ ਹੈ। ਹੁਣ ਐਕਸ਼ਨ ਕਮੇਟੀ " ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ" ਦੇ ਰੂਪ ਵਿੱਚ ਉਸੇ ਤਰ੍ਹਾਂ ਕਾਰਜਸ਼ੀਲ ਰਹੇਗੀ। ਹਰ ਸਾਲ ਸ਼ਹੀਦ ਕਿਰਨਜੀਤ ਕੌਰ ਦੀ ਯਾਦ ਔਰਤਾਂ ਉੱਪਰ ਹੁੰਦੇ ਜੁਲਮਾਂ ਦੀ ਅਸਲ ਜੜ੍ਹ ਇਸ ਲੁਟੇਰੇ ਜਾਬਰ ਪ੍ਰਬੰਧ ਨੂੰ ਸਮਝਦਿਆਂ ਵੱਡੇ ਸੈਮੀਨਾਰ/ਚੇਤਨਾ ਕਨਵੈਨਸ਼ਨ ਦੇ ਰੂਪ 'ਚ ਮਨਾਈ ਜਾਇਆ ਕਰੇਗੀ। ਲੋਕ ਤਾਕਤ ਦਾ ਉੱਸਰਿਆ ਇਹ ਜਥੇਬੰਦਕ ਕਿਲ੍ਹਾ ਵਿਗਿਆਨਕ ਰੋਸ਼ਨੀ ਦਾ ਚਿਰਾਗ ਵੰਡਦਾ ਰਹੇਗਾ। ਅੱਜ ਦੀ ਮੀੀਟੰਗ ਵਿੱਚ ਗੂਡਾਗਰਦੀ ਦੇ ਆਏ ਦਿਨ ਵਧ ਰਹੇ ਵਰਤਾਰਿਆਂ ਉੱਤੇ ਗੰਭੀਰ ਚਿੱਤਾ ਪ੍ਰਗਟ ਕੀਤੀ ਗਈ। ਪਹਿਲਵਾਨ ਖਿਡਾਰਨਾਂ ਵੱਲੋਂ ਸਰੀਰਕ ਸ਼ੋਸ਼ਣ ਦਾ ਦੋਸ਼ੀ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਅਤੇ ਬੀਜੇਪੀ ਦੇ ਐਮਪੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਸਜਾ ਦਿਵਾਉਣ ਲਈ ਵਿੱਡੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ,ਇਹ ਸੰਘਰਸ਼ ਭਾਵੇਂ ਕਿਸੇ ਵੀ ਰੂਪ 'ਚ ਚੱਲੇ। ਇਸ ਵਾਰ 12 ਅਗਸਤ ਦੇ ਸਮਾਗਮ ਕਨਵੈਸ਼ਨ ਦੀ ਮੁੱਖ ਵਕਤਾ ਜਾਣੀ ਪਛਾਣੀ ਸਖਸ਼ੀਅਤ ਔਰਤ ਹੱਕਾਂ ਲਈ ਸੰਘਰਸ਼ਸ਼ੀਲ ਵਿਦਵਾਨ ਸਡਾ ਨਵਸ਼ਰਨ ਹੋਵੇਗੀ। ਜੰਤਰ ਮੰਤਰ ਦਿੱਲੀ ਵਿਖੇ ਸੰਘਰਸ਼ ਦੀ ਅਗਵਾਈ ਕਰਨ ਵਾਲੇ ਪਹਿਲਵਾਨ ਖਿਡਾਰੀਆਂ ਵਿੱਚੋਂ ਇੱਕ ਆਗੂ ਵੀ ਸ਼ਾਮਿਲ ਹੋਵੇਗਾ। ਅੱਜ ਦੀ ਮੀਟਿੰਗ ਵਿੱਚ ਮਨਜੀਤ ਧਨੇਰ, ਸੁਰਿੰਦਰ ਸਿੰਘ ਜਲਾਲਦੀਵਾਲ, ਮਲਕੀਤ ਸਿੰਘ ਵਜੀਦਕੇ, ਅਮਰਜੀਤ ਕੁੱਕੂ, ਗੁਰਮੀਤ ਸੁਖਪੁਰ, ਜਰਨੈਲ ਸਿੰਘ ਚੰਨਣਵਾਲ, ਗੁਰਦੇਵ ਸਿੰਘ ਮਹਿਲਖੁਰਦ ਅਤੇ ਹਰਪ੍ਰੀਤ ਸਿੰਘ ਸ਼ਾਮਿਲ ਹੋਏ। ਪਿਛਲੇ ਸਮੇਂ ਬੇਵਕਤੀ ਵਿਛੋੜਾ ਦੇ ਗਏ ਐਕਸ਼ਨ ਕਮੇਟੀ ਮਹਿਲਕਲਾਂ ਦੇ ਬਾਨੀ ਮੈਂਬਰ ਸਾਥੀ ਪ੍ਰੀਤਮ ਦਰਦੀ ਦੇ ਵਿਛੋੜੇ ਨੂੰ ਵੱਡਾ ਘਾਟਾ ਮਹਿਸੂਸ ਕਰਦਿਆਂ ਉਸ ਦੇ ਲੋਕ ਪੱਖੀ ਸਫ਼ਰ ਉੱਪਰ ਮਾਣ ਮਹਿਸੂਸ ਕੀਤਾ ਗਿਆ।