ਪੰਜਾਬ ਸਰਕਾਰ ਨੂੰ ਪੈਨਸ਼ਨਰਜ਼ ਵਿਰੋਧੀ ਫੈਸਲਾ ਵਾਪਸ ਲੈਣ ਲਈ ਮਜ਼ਬੂਰ ਕੀਤਾ ਜਾਵੇਗਾ – ਸ਼ਿੰਦਰ ਧੌਲਾ
ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 5 ਜੁਲਾਈ
ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਉੱਪਰ 200 ਰੁ. ਪ੍ਤੀ ਮਹੀਨਾ ਡਿਵੈਲਪਮੈਂਟ ਟੈਕਸ ਕਟੌਤੀ ਖ਼ਿਲਾਫ਼ ਪਾਵਰਕੌਮ ਦੇ ਮੁੱਖ ਦਫਤਰ ਧਨੌਲਾ ਰੋਡ ਵਿਖੇ ਇਕੱਠੇ ਹੋਕੇ ਜੱਗਾ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਦੀ ਅਰਥੀ ਸਾੜੀ ਗਈ । ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂਆਂ ਸ਼ਿੰਦਰ ਧੌਲਾ, ਗੁਰਚਰਨ ਸਿੰਘ, ਹਰਨੇਕ ਸਿੰਘ ਸੰਘੇੜਾ, ਗੌਰੀ ਸ਼ੰਕਰ ਅਤੇ ਬਹਾਦਰ ਸਿੰਘ ਸੰਘੇੜਾ ਨੇ ਕਿਹਾ ਕਿ ਵੱਡੇ-ਵੱਡੇ ਲਾਕੇ ਸਤਾ ਹਾਸਲ ਕਰਨ ਵਾਲੀ ਪੰਜਾਬ ਸਰਕਾਰ ਵੀ ਨੀਤੀ ਪੱਖੋਂ ਕੇਂਦਰ ਦੀ ਮੋਦੀ ਹਕੂਮਤ ਵਾਂਗ ਨਿੱਜੀ ਕਰਨ, ਉਦਾਰੀਕਰਨ ਦੀ ਨੀਤੀ ਤੇ ਚੱਲ ਰਹੀ ਹੈ। ਟੈਕਸਾਂ ਦਾ ਬੋਝ ਲੋਕਾਂ ਤੇ ਜਬਰੀ ਥੋਪਿਆ ਜਾ ਰਿਹਾ ਹੈ। ਕਦੇ ਡੀਜ਼ਲ,ਪੈਟਰੋਲ,ਗੈਸ ਉੱਪਰ ਟੈਕਸ ਲਗਾਕੇ ਲੋਕਾਂ ਤੇ ਬੋਝ ਪਾਇਆ ਜਾ ਰਿਹਾ ਹੈ। ਹੁਣ ਪੰਜਾਬ ਦੇ ਪੈਨਸ਼ਨਰਾਂ ਉੱਪਰ 200 ਰੁ. ਪ੍ਰਤੀ ਮਹੀਨਾ ਡਿਵੈਲਪਮੈਂਟ ਟੈਕਸ ਦਾ ਜਜ਼ੀਆ ਜਬਰੀ ਮੜ੍ਹ ਦਿੱਤਾ ਹੈ।ਇਸ ਜਜ਼ੀਏ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਕੂਮਤ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕਰਕੇ ਪੰਜਾਬ ਸਰਕਾਰ ਨੂੰ ਆਪਣਾ ਪੈਨਸ਼ਨਰਜ਼ ਵਿਰੋਧੀ ਫੈਸਲਾ ਵਾਪਸ ਲੈਣ ਲਈ ਮਜ਼ਬੂਰ ਕੀਤਾ ਜਾਵੇਗਾ। ਇਸ ਸਮੇਂ ਸ਼ਹਿਰੀ ਅਤੇ ਦਿਹਾਤੀ ਮੰਡਲ ਦੇ ਪੈਨਸ਼ਨਰਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਮੁੱਖ ਦਫਤਰ ਵਿਖੇ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਦੀ ਅਰਥੀ ਸਾੜਨ ਸਮੇਂ ਹੋਈ ਵਿਸ਼ਾਲ ਰੈਲੀ ਨੂੰ ਨਰਾਇਣ ਦੱਤ,ਭਾਗ ਸਿੰਘ,ਰਾਮ ਸਿੰਘ, ਜਗਰਾਜ ਸਿੰਘ,ਬੂਟਾ ਸਿੰਘ,ਜੋਗਿੰਦਰ ਪਾਲ, ਜਗਮੀਤ ਸਿੰਘ,ਸ਼ਿੰਗਾਰਾ ਸਿੰਘ,ਦੇਸ ਰਾਜ, ਹਰਜੀਤ ਸਿੰਘ, ਗੁਰਜੰਟ ਸਿੰਘ, ਸਿਕੰਦਰ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ/ਪੈਨਸ਼ਨਰਾਂ ਵੱਲੋਂ ਸਿਰੜੀ ਸੰਘਰਸ਼ ਦੀ ਬਦੌਲਤ ਹਾਸਲ ਕੀਤੀਆਂ ਸਹੂਲਤਾਂ ਨੂੰ ਵੀ ਖੋਹਿਆ ਜਾ ਰਿਹਾ ਹੈ। ਇਸ ਲਈ ਪੈਨਸ਼ਨਰਜ਼ ਨੂੰ ਆਪਣੇ ਹਿੱਤਾਂ ਦੀ ਰਾਖੀ ਕਰਨ ਲਈ ਤਿੱਖੇ ਵਿਸ਼ਾਲ ਸੰਘਰਸ਼ਾਂ ਦੀ ਲੋੜ ਹੈ। ਇਸ ਤੋਂ ਬਾਅਦ ਵਰ੍ਹਦੇ ਮੀਂਹ ਵਿੱਚ ਅਕਾਸ਼ ਗੁੰਜਾਊ ਨਾਹਰਿਆਂ ਨਾਲ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਖ਼ਿਲਾਫ਼ ਮੁਜ਼ਾਹਰਾ ਕਰਕੇ ਅਰਥੀ ਸਾੜੀ ਗਈ। ਆਗੂਆਂ ਨੇ ਮਹਿਲਕਲਾਂ ਲੋਕ ਘੋਲ ਦੇ ਸੰਗਰਾਮੀ ਵਿਰਸੇ ਤੋਂ ਜਾਣੂ ਕਰਵਾਉਂਦਿਆਂ ਪਾਵਰਕੌਮ ਦੇ ਪੈਨਸ਼ਨਰਜ਼ ਵੱਲੋਂ ਨਿਭਾਏ ਸ਼ਾਨਾਮੱਤਾ ਰੋਲ ਲਈ ਸੰਗਰਾਮੀ ਮੁਬਾਰਕਬਾਦ ਦਿੱਤੀ। 12 ਅਗਸਤ ਨੂੰ ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਅਤੇ ਹਰ ਪੱਖੋਂ ਸਹਿਯੋਗ ਜਾਰੀ ਰੱਖਣ ਦੀ ਅਪੀਲ ਕੀਤੀ।