ਬੀਬੀਐਨ ਨੈਟਵਰਕ ਪੰਜਾਬ ਅੰਮ੍ਰਿਤਸਰ ਬਿਊਰੋ, 5 ਜੁਲਾਈ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਦੀ ਜੂਠ/ਸੁੱਕੀਆਂ ਰੋਟੀਆਂ ’ਚ ਹੋਈ ਇਕ ਕਰੋੜ ਦੀ ਹੇਰਾਫੇਰੀ ਮਾਮਲੇ ’ਚ ਆਖ਼ਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੀ ਕਾਰਵਾਈ ਕਰ ਦਿੱਤੀ ਅਤੇ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੰਗਲਵਾਰ ਨੂੰ ਇਸ ਮਾਮਲੇ ’ਚ 51 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਤੇ ਇਨ੍ਹਾਂ ਨੂੰ ਘਪਲੇ ਦੀ ਰਕਮ ਜਮ੍ਹਾਂ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਸ਼੍ਰੋਮਣੀ ਕਮੇਟੀ ਪਿਛਲੇ ਤਿੰਨ ਮਹੀਨਿਆਂ ਤੋਂ ਇਹ ਮਾਮਲਾ ਦੱਬਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਬੀਤੀ 30 ਜੂਨ ਨੂੰ ਇਸ ਮਾਮਲੇ ਦਾ ਖ਼ੁਲਾਸਾ ਕੀਤੀ ਗਿਆ ਸੀ। ਇਸ ਤੋਂ ਬਾਅਦ ਦੇਸ਼-ਵਿਦੇਸ਼ ’ਚ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਤੇ ਅਧਿਕਾਰੀਆਂ ਦੀ ਕਿਰਕਿਰੀ ਹੋਈ। ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਟਵੀਟ ਕਰ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਘੇਰਿਆ। ਆਖਰਕਾਰ ਕਮੇਟੀ ਪ੍ਰਧਾਨ ਧਾਮੀ ਤੇ ਜਰਨਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸਾਥੀ ਮੈਂਬਰਾਂ ਨਾਲ ਇਕੱਤਰਤਾ ਕਰ ਕੇ ਫਲਾਇੰਗ ਵਿਭਾਗ ਦੀ ਰਿਪੋਰਟ ਤੋਂ ਬਾਅਦ ਇਹ ਕਾਰਵਾਈ ਕੀਤੀ।ਸ੍ਰੀ ਹਰਿਮੰਦਰ ਸਾਹਿਬ ਸਥਿਤ ਲੰਗਰ ’ਚ ਰੋਜ਼ਾਨਾ 70-90 ਹਜ਼ਾਰ ਸ਼ਰਧਾਲੂ ਲੰਗਰ ਛੱਕਦੇ ਹਨ। ਲੰਗਰ ਪਕਾਉਂਦਿਆਂ ਕਈ ਰੋਟੀਆਂ ਅੱਧ-ਪੱਕੀਆਂ ਰਹਿ ਜਾਂਦੀਆਂ ਹਨ ਤੇ ਕਈ ਸੇਕ ਜ਼ਿਆਦਾ ਲੱਗਣ ਕਾਰਨ ਪਰੋਸਣ ਯੋਗ ਨਹੀਂ ਰਹਿੰਦੀਆਂ। ਸ਼ਰਧਾਲੂ ਵੀ ਜੂਠੀਆਂ ਰੋਟੀਆਂ ਛੱਡ ਦਿੰਦੇ ਹਨ। ਇਹ ਰੋਟੀਆਂ ਸੁਕਾ ਕੇ ਨੀਲਾਮ ਕਰ ਦਿੱਤੀਆਂ ਜਾਂਦੀਆਂ ਹਨ ਜਿਹੜੀਆਂ ਪਸ਼ੂਆਂ ਦੇ ਚਾਰੇ ਦੇ ਕੰਮ ਆਉਂਦੀਆਂ ਹਨ। 1 ਅਪ੍ਰੈਲ 2019 ਤੋਂ ਦਸੰਬਰ 2022 ਦੌਰਾਨ ਲੰਗਰ ਦੀ ਇਸੇ ਜੂਠ ਦੀ ਨਿਲਾਮੀ/ਵਿਕਰੀ ਦੌਰਾਨ ਇਹ ਹੇਰਾਫੇਰੀ ਹੋਈ। ਮੁੱਢਲੀ ਪੜਤਾਲ ’ਚ 62 ਲੱਖ ਦੀ ਹੇਰਾਫੇਰੀ ਦਾ ਪਤਾ ਲੱਗਾ ਸੀ ਜਿਹੜੀ ਬਾਅਦ ’ਚ ਇਕ ਕਰੋੜ ਰੁਪਏ ਤੱਕ ਪੁੱਜ ਗਈ। ਮਾਮਲੇ ਦੀ ਜਾਂਚ ਮਗਰੋਂ ਸ਼੍ਰੋਮਣੀ ਕਮੇਟੀ ਦੇ ਫਲਾਇੰਗ ਵਿਭਾਗ ਨੇ ਦੋ ਸਟੋਰਕੀਪਰਾਂ ਨੂੰ ਪਹਿਲਾਂ ਹੀ ਮੁਅੱਤਲ ਕਰ ਕੇ ਰਕਮ ਵਸੂਲਣ ਦਾ ਆਦੇਸ਼ ਦੇ ਦਿੱਤੇ ਸਨ। ਪਰ ਜਦੋਂ ਇਨ੍ਹਾਂ ਨੇ ਰਕਮ ਜਮ੍ਹਾਂ ਨਾ ਕਰਵਾਈ ਤਾਂ ਉਪਰੋਕਤ ਸਮੇਂ ਦੌਰਾਨ ਜਿੰਨੇ ਵੀ ਮੈਨੇਜਰਾਂ, ਸੁਪਵਾਈਜ਼ਰਾਂ ਤੇ ਇੰਸਪੈਕਟਰਾਂ ਨੇ ਹੇਰਾਫੇਰੀ ਨਾਲ ਸਬੰਧਤ ਵਾਊਚਰਾਂ ’ਤੇ ਦਸਤਖਤ ਕੀਤੇ ਸਨ, ਨੂੰ ਇਸ ਹੇਰਾਫੇਰੀ ਲਈ ਜ਼ਿੰਮੇਵਾਰ ਦੱਸਦਿਆਂ ਬਣਦੀ ਰਕਮ ਜਮ੍ਹਾਂ ਕਰਵਾਣ ਦੇ ਆਦੇਸ਼ ਦਿੱਤੇ ਗਏ। ਇਨ੍ਹਾਂ ’ਚੋਂ ਤਿੰਨ ਮੈਨਜਰ ਸੇਵਾ ਮੁਕਤ ਵੀ ਹੋ ਚੁੱਕੇ ਹਨ।