ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਮੁਕਤਸਰ ਸਾਹਿਬ ਬਿਊਰੋ, 6 ਜੁਲਾਈ
ਬਲੱਡ ਮਨੀ ਦੇਣ ਦੇ ਬਾਵਜੂਦ ਸਾਊਦੀ ਅਰਬ ਜੇਲ੍ਹ ’ਚ ਬੰਦ ਪਿੰਡ ਮੱਲਣ ਦੇ ਨੌਜਵਾਨ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਦਸਿਆ ਜਾਦਾ ਹੈ ਕਿ ਬਲਵਿੰਦਰ ਸਿੰਘ ਵਾਸੀ ਪਿੰਡ ਮੱਲਣ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਲੰਬੇ ਸਮੇਂ ਤੋਂ ਸਾਊਦੀ ਅਰਬ ਗਿਆ ਹੋਇਆ ਸੀ। ਦੱਸ ਦੇਈਏ ਕਿ ਉੱਥੇ ਇਕ ਕੰਪਨੀ ਵਿਚ ਝਗੜਾ ਹੋਇਆ ਸੀ ਤੇ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਉਸ ਸਬੰਧ ਵਿਚ ਬਲਵਿੰਦਰ ਸਿੰਘ ਨੂੰ ਸੱਤ ਸਾਲ ਪਹਿਲਾਂ ਸਾਊਦੀ ਅਰਬ ਦਾ 10 ਲੱਖ ਰਿਆਲ ਭਾਰਤ ਦਾ ਲਗਪਗ 2 ਕਰੋੜ ਰੁਪਏ ਜੁਰਮਾਨਾ ਕੀਤਾ ਗਿਆ ਸੀ। 7 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਜੁਰਮਾਨਾ ਨਾ ਅਦਾ ਕਰਨ ’ਤੇ 18 ਮਈ ਨੂੰ ਸਿਰ ਕਲਮ ਕੀਤਾ ਜਾਣਾ ਸੀ ਪਰ ਲੋਕਾਂ ਦੀ ਮਦਦ ਨਾਲ 22 ਮਈ 2022 ਨੂੰ 2 ਕਰੋੜ ਰੁਪਏ ਰਾਸ਼ੀ ਇਕੱਠੀ ਕਰ ਕੇ ਸਾਊਦੀ ਅਰਬ ਭੇਜੀ ਗਈ ਸੀ। ਓਧਰ ਮ੍ਰਿਤਕ ਦੇ ਪਰਿਵਾਰ ਨੂੰ ਰਾਸ਼ੀ ਦਿੱਤੀ ਜਾ ਚੁੱਕੀ ਹੈ। ਮ੍ਰਿਤਕ ਦੇ ਪਰਿਵਾਰ ਦੇ ਅਦਾਲਤ ਵਿੱਚ ਬਿਆਨ ਬਲਵਿੰਦਰ ਸਿੰਘ ਦੇ ਹੱਕ ’ਚ ਹੋ ਚੁੱਕੇ ਹਨ ਪਰ ਫਿਰ ਵੀ ਬਲਵਿੰਦਰ ਸਿੰਘ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਡੀਸੀ ਸ੍ਰੀ ਮੁਕਤਸਰ ਸਾਹਿਬ ਨੂੰ ਮੰਗ ਪੱਤਰ ਸੌਂਪਦਿਆਂ ਤੇ ਕਿਹਾ ਹੈ ਕਿ ਇਹ ਮਸਲਾ ਪੰਜਾਬ ਸਰਕਾਰ ਦੇ ਧਿਆਨ ’ਚ ਲਿਆਂਦਾ ਜਾਵੇ ਅਤੇ ਬਲਵਿੰਦਰ ਸਿੰਘ ਨੂੰ ਜਲਦ ਰਿਹਾਅ ਕਰਵਾ ਕੇ ਵਤਨ ਲਿਆਂਦਾ ਜਾਵੇ, ਨਹੀਂ ਤਾਂ ਯੂਨੀਅਨ ਵੱਲੋਂ ਸੰਘਰਸ਼ ਕੀਤਾ ਜਾਵੇਗਾ।