ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 6 ਜੁਲਾਈ
ਅੱਜ ਦਿਨ ਦਿਹਾੜੇ ਏਅਰਪੋਰਟ ਸੜਕ ਤੇ ਸਥਿਤ ਬਾਕਰਪੁਰ ਲਾਈਟਾਂ ਤੇ ਕਰੀਬ 11 ਵਜੇ ਕਾਰ ਸਵਾਰ 5 ਲੁਟੇਰੇ ਨੇੜਲੇ ਪਿੰਡ ਦਿਆਲਪੁਰਾ ਦੇ ਇੱਕ ਨੌਜਵਾਨ ਤੋਂ 35 ਹਜਾਰ ਰੁਪਏ ਦੀ ਨਗਦੀ ਅਤੇ ਉਸ ਦਾ ਮੋਬਾਇਲ ਖੋਹ ਕੇ ਫਰਾਰ ਹੋ ਗਏ। ਮਾਮਲੇ ਸਬੰਧੀ ਜਾਣਕਾਰੀ ਮੁਤਾਬਿਕ ਪੀੜਤ ਗੁਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਪਿੰਡ ਦਿਆਲਪੁਰਾ ਵਿਖੇ ਵੈਲਡਿੰਗ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਅੱਜ ਉਹ ਪਿੰਡ ਦਿਆਲਪੁਰਾ ਤੋਂ ਐਰੋਸਿਟੀ ਵਿਖੇ ਕੰਮ ਕਰਨ ਲਈ ਨਾਪ-ਨਪਾਈ ਕਰਨ ਵਾਸਤੇ ਗਿਆ ਸੀ। ਜਦ ਉਹ ਆਪਣੇ ਮੋਟਰਸਾਇਕਲ ਤੇ ਸਵਾਰ ਹੋ ਕੇ ਵਾਪਿਸ ਆ ਰਿਹਾ ਸੀ ਤਾਂ ਪਿੱਛੇ ਤੋਂ ਆ ਰਹੀ ਇਕ ਕਾਰ ਵਿੱਚ ਸਵਾਰ 5 ਲੁਟਿਰਿਆਂ ਨੇ ਉਸ ਨੂੰ ਬਾਕਰਪੁਰ ਲਾਈਟਾਂ ਤੇ ਘੇਰ ਲਿਆ ਅਤੇ ਨਾਲ ਹੀ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਲੱਗ ਪਏ। ਦੱਸ ਦੇਈਏ ਕਿ ਲੁਟਿਰਿਆਂ ਨੇ ਉਸ ਤੋਂ 35 ਹਜਾਰ ਰੁਪਏ ਖੋਹ ਲਏ ਜਦ ਉਹ ਉੱਕਤ ਲੁਟਿਰਿਆਂ ਦਾ ਵਿਰੋਧ ਕਰਨ ਲੱਗਿਆ ਤਾਂ ਉਨ੍ਹਾਂ ਨੇ ਉਸ ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਵਿਰੋਧ ਕਰਨ ਤੇ ਲੁਟੇਰਿਆਂ ਨੇ ਨੌਜਵਾਨ ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ ਹੈ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।