ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 8 ਜੁਲਾਈ
ਲੁਧਿਆਣਾ ਦੇ ਸਾਹਨੇਵਾਲ ਸਵੇਰੇ ਸੱਤ ਵਜੇ ਦੇ ਕਰੀਬ ਇਕ ਸੜਕ ਹਾਦਸੇ 'ਚ ਲੋਕ ਸੰਪਰਕ ਵਿਭਾਗ ਦੇ ਡਰਾਈਵਰ ਪ੍ਰਭਜੋਤ ਸਿੰਘ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪ੍ਰਭਜੋਤ ਸਵੇਰੇ ਆਪਣੀ ਕਾਰ 'ਚ ਸਵਾਰ ਹੋ ਕੇ ਲੋਕ ਸੰਪਰਕ ਵਿਭਾਗ ਦੇ ਦਫ਼ਤਰ ਵਿੱਚ ਆਪਣੇ ਕੰਮ 'ਤੇ ਆ ਰਿਹਾ ਸੀ। ਪ੍ਰਭਜੋਤ ਦੇ ਨਾਲ ਉਸਦੀ ਕਾਰ ਵਿਚ ਦੋ ਹੋਰ ਵਿਅਕਤੀ ਵੀ ਸਵਾਰ ਸਨ। ਸੂਤਰਾਂ ਦੀ ਜਾਣਕਾਰੀ ਮੁਤਾਬਕ ਦੱਸਿਆ ਜਾਂਦਾ ਹੈ ਕਿ ਉਸ ਦੀ ਕਾਰ ਦਾ ਬੰਪਰ ਖੁੱਲ੍ਹ ਗਿਆ ਹੈ ਅਤੇ ਬੰਪਰ ਠੀਕ ਕਰਦੇ ਸਮੇਂ ਇਕ ਤੇਜ਼ ਰਫਤਾਰ ਟੈਂਪੂ ਆਇਆ, ਜਿਸ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਤੇਜ਼ ਰਫ਼ਤਾਰ ਟੈਂਪੂ ਨੇ ਪ੍ਰਭਜੋਤ ਨੂੰ ਐਨੀ ਬੁਰੀ ਤਰ੍ਹਾਂ ਕੁਚਲਿਆ ਸੀ ਕਿ ਉਹ ਗੰਭੀਰ ਰੂਪ 'ਚ ਫੱਟੜ ਹੋ ਗਿਆ ਹੈ। ਦੱਸ ਦੇਈਏ ਕਿ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਉਸਨੂੰ ਸਿਵਲ ਹਸਪਤਾਲ ਲਿਆ ਗਿਆ ਹੈ। ਜਿੱਥੇ ਕਿ ਡਾਕਟਰਾਂ ਨੇ ਉਸਨੂੰ ਮ੍ਰਿਤਕ ਦਾ ਐਲਾਨ ਦਿੱਤਾ। ਹਾਦਸੇ ਤੋਂ ਬਾਅਦ ਟੈਂਪੂ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਮੌਕੇ 'ਤੇ ਪਹੁੰਚੇ ਏਐਸਆਈ ਕਰਨੈਲ ਸਿੰਘ ਨੇ ਮਾਮਲੇ ਦੀ ਪੜਤਾਲ ਕਰਨੀ ਸ਼ੁਰੂ ਕਰ ਦਿਁਤੀ ਹੈ।