ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 7 ਜੁਲਾਈ
ਮੋਟਾ ਵਿਆਜ ਦੇਣ ਦਾ ਲਾਲਚ ਦੇਣ ਵਾਲੀ ਕੰਪਨੀ ਦੇ ਅਧਿਕਾਰੀਆਂ ਖਿਲਾਫ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਇਹ ਮੁਕੱਦਮਾ ਧਾਂਦਰਾ ਰੋਡ ਦੇ ਰਹਿਣ ਵਾਲੇ ਇੰਦਰਜੀਤ ਵਰਮਾ ਦੀ ਸ਼ਿਕਾਇਤ 'ਤੇ ਦਰਜ ਕੀਤਾ। ਜਾਣਕਾਰੀ ਦਿੰਦਿਆਂ ਇੰਦਰਜੀਤ ਵਰਮਾ ਨੇ ਦੱਸਿਆ ਹੈ ਕਿ ਉਕਤ ਕੰਪਨੀ ਲੋਕਾਂ ਕੋਲੋਂ ਪੈਸੇ ਇਕੱਠੇ ਕਰ ਕੇ ਐਫਡੀ ਬੇਸ 'ਤੇ ਲੋਕਾਂ ਨੂੰ ਜ਼ਿਆਦਾ ਵਿਆਜ ਦੇਣ ਦੀ ਗੱਲ ਕਰਦੀ ਸੀ। ਸਾਲ 2012 ਤੋਂ ਕੰਪਨੀ ਵਿੱਚ ਪੈਸੇ ਲਗਾਏ। ਪੂਰਾ ਸਮਾਂ ਹੋਣ 'ਤੇ ਕੰਪਨੀ ਰਕਮ ਵਾਪਸ ਕਰ ਦਿੰਦੀ ਸੀ। ਸਾਲ 2018 ਤਕ ਇੰਦਰਜੀਤ ਵਰਮਾ ਨੂੰ ਜੋ ਵੀ ਪੈਸੇ ਆਉਂਦੇ ਰਹੇ ਉਹ ਦੁਬਾਰਾ ਤੋਂ ਕੰਪਨੀ 'ਚ ਜਮ੍ਹਾਂ ਕਰਵਾ ਦਿੰਦੇ ਸਨ। ਵਰਮਾ ਨੇ ਦੱਸਿਆ ਹੈ ਕਿ ਸਾਲ 2019 ਤੋਂ ਕੰਪਨੀ ਨੇ ਪੈਸੇ ਦੇਣੇ ਬੰਦ ਕਰ ਦਿੱਤੇ। ਸ਼ਿਕਾਇਤ ਵਿਚ ਵਰਮਾ ਨੇ ਦੱਸਿਆ ਕਿ ਕੰਪਨੀ ਨੇ 150 ਲੋਕਾਂ ਦੇ ਪੈਸੇ ਰੋਕ ਕੇ ਕਰੋੜਾਂ ਰੁਪਏ ਆਪਣੇ ਕੋਲ ਜਮ੍ਹਾਂ ਕਰ ਲਏ। ਸ਼ਿਕਾਇਤਕਰਤਾ ਦੇ ਮੁਤਾਬਕ ਕੰਪਨੀ ਦੇ ਅਧਿਕਾਰੀਆਂ ਨੇ ਉਨ੍ਹਾਂ ਸਮੇਤ ਹੋਰ ਲੋਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਵੀ ਕੀਤੀ ਹੈ। ਦੋ ਸਾਲ ਤੱਕ ਚੱਲੀ ਪੜਤਾਲ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਮੁਲਜ਼ਮਾਂ ਖਿਲਾਫ ਧੋਖਾਧੜੀ ਅਤੇ ਅਮਾਨਤ 'ਚ ਖਿਆਨਤ ਰਹੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।