ਬੀਬੀਐਨ ਨੈਟਵਰਕ ਪੰਜਾਬ, ਜਲੰਧਰ ਬਿਊਰੋ, 7 ਜੁਲਾਈ
ਜਲੰਧਰ-ਕਪੂਰਥਲਾ ਮਾਰਗ 'ਤੇ ਪੈਂਦੇ ਕੰਪਲੈਕਸ ਨੇੜੇ ਵਾਪਰੇ ਸੜਕ ਹਾਦਸੇ 'ਚ ਆਟੋ ਚਾਲਕ ਦੀ ਮੌਤ ਹੋ ਗਈ ਹੈ। ਮ੍ਰਿਤਕ ਆਟੋ ਚਾਲਕ ਦੀ ਪਛਾਣ ਜਗਜੀਤ ਸਿੰਘ ਵਾਸੀ ਬਾਬਾ ਨਾਮਦੇਵ ਕਾਲੋਨੀ, ਕਪੂਰਥਲਾ ਵਜੋਂ ਹੋਈ ਹੈ। ਦੱਸ ਦੇਈਏ ਕਿ ਹਾਦਸੇ 'ਚ ਜ਼ਖ਼ਮੀਆਂ ਆਟੋ ਸਵਾਰ ਔਰਤ ਦੀ ਪਛਾਣ ਭੁਪਿੰਦਰ ਕੌਰ ਤੇ ਸਾਈਕਲ ਸਵਾਰ ਵਿਅਕਤੀ ਦੀ ਪਛਾਣ ਅਜੀਤ ਪਾਲ ਵਜੋਂ ਹੋਈ ਹੈ। ਸਥਾਨਕ ਲੋਕਾਂ ਨੇ ਦੱਸਿਆਂ ਜਾਂਦਾ ਹੈ ਕਿ ਕਪੂਰਥਲਾ ਤੋਂ ਜਲੰਧਰ ਆ ਰਹੀ ਤੇਜ਼ ਰਫ਼ਤਾਰ ਪ੍ਰਿੰਸ ਬੱਸ ਨਜ਼ਦੀਕ ਪਹਿਲਾਂ ਆਪਣੇ ਅੱਗੇ ਜਾ ਰਹੀ ਇਨੋਵਾ ਕਾਰ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਇਨੋਵਾ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸਦੇ ਦੌਰਾਨ ਹੀ ਇਨੋਵਾ ਚਾਲਕ ਦਾ ਸੰਤੁਲਨ ਵਿਗੜਨ ਕਰ ਕੇ ਅੱਗੇ ਜਾ ਰਹੇ ਆਟੋ ਨਾਲ ਜਾ ਟਕਰਾਈ ਤੇ ਉੱਥੇ ਹੀ ਲੰਘ ਰਹੇ ਇਕ ਸਾਈਕਲ ਸਵਾਰ ਨੂੰ ਵੀ ਟੱਕਰ ਮਾਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਕਿ ਆਟੋ ਚਾਲਕ ਦੀ ਮੌਕੇ 'ਤੇ ਜਲਦੀ ਕਿਸੇ ਵੱਲੋਂ ਹਸਪਤਾਲ ਨਾ ਪਹੁੰਚਾਏ ਜਾਣ ਕਰ ਕੇ ਤੜਫ਼-ਤੜਫ਼ ਕੇ ਮੌਤ ਹੋ ਗਈ ਹੈ। ਜਦ ਕਿ ਆਟੋ ਸਵਾਰ ਔਰਤ ਤੇ ਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਦੌਰਾਨ ਐਂਬੂਲੈਂਸ ਤਾਂ ਬੁਲਾਈ ਪਰ ਮੌਕੇ 'ਤੇ ਐਂਬੂਲੈਂਸ ਨਹੀਂ ਪੁੱਜੀ। ਜਿਸਦੇ ਦੌਰਾਨ ਪੁਲਿਸ ਮੁਲਾਜ਼ਮ ਔਰਤ ਨੂੰ ਆਪਣੀ ਕਾਰ 'ਚ ਬਿਠਾ ਕੇ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਗਿਆ। ਇਸ ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਸਿਵਲ ਹਸਪਤਾਲ ਪਹੁੰਚ ਕੇ ਲਾਸ਼ ਨੂੰ ਬਾਹਰ ਰੱਖ ਕੇ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਾਉਂਦਿਆਂ ਹੋਇਆ ਹੰਗਾਮਾ ਕਰ ਦਿੱਤਾ ਹੈ ਕਿ ਘਟਨਾ ਉਪਰੰਤ ਐਂਬੂਲੈਂਸ ਮੌਕੇ 'ਤੇ ਨਹੀਂ ਪਹੁੰਚੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੇਕਰ ਐਂਬੂਲੈਂਸ ਸਮੇਂ ਸਿਰ ਪਹੁੰਚ ਜਾਂਦੀ ਤਾਂ ਉਨ੍ਹਾਂ ਦੇ ਵਿਅਕਤੀ ਦੀ ਜਾਨ ਵੀ ਬਚਾਈ ਜਾ ਸਕਦੀ ਸੀ। ਮੁਖੀ ਸਿਕੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰੱਖੀ ਗਈ ਹੈ।