ਬੀਬੀਐਨ ਨੈਟਵਰਕ ਪੰਜਾਬ ਪਠਾਨਕੋਟ ਬਿਊਰੋ, 7 ਜੁਲਾਈ
ਜ਼ਿਲ੍ਹਾ ਪਠਾਨਕੋਟ ਦੇ ਧਾਰਕਲਾਂ ਤਹਿਸੀਲ ਚੌਕ ਵਿੱਚ ਸਥਿਤ ਅਜੇ ਕਰਿਆਨਾ ਸਟੋਰ ਨਾਮ ਦੀ ਦੁਕਾਨ ਵਿੱਚ ਵੀਰਵਾਰ ਰਾਤ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ ਅਤੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਅਜੇ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਹਰਦੋਸਰਾ ਨੇ ਦੱਸਿਆਂ ਕਿ ਉਹ ਪਿਛਲੇ ਕਈ ਸਾਲਾਂ ਤੋਂ ਧਾਰ ਕਲਾਂ ਚੌਕ ਵਿੱਚ ਕਰਿਆਨੇ ਦੀ ਦੁਕਾਨ ਚਲਾ ਰਿਹਾ ਹੈ। ਰੋਜ਼ ਦੀ ਤਰ੍ਹਾਂ ਉਹ ਵੀਰਵਾਰ ਨੂੰ ਰਾਤ ਕਰੀਬ 8.30 ਵਜੇ ਦੁਕਾਨ ਬੰਦ ਕਰਕੇ ਆਪਣੇ ਘਰ ਚਲਾ ਗਿਆ। ਰਾਤ ਕਰੀਬ 9.45 ਵਜੇ ਉਸ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਸ ਦੀ ਦੁਕਾਨ ਦੇ ਅੰਦਰੋਂ ਧੂੰਆਂ ਨਿਕਲ ਰਿਹਾ ਹੈ, ਜਦੋਂ ਉਹ ਦੁਕਾਨ 'ਤੇ ਪਹੁੰਚਿਆ ਤਾਂ ਦੁਕਾਨ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ ਅਤੇ ਕੁੱਝ ਸਮਾਨ ਖਰਾਬ ਹੋ ਚੁੱਕਿਆ ਸੀ । ਦੁਕਾਨ ਮਾਲਕ ਅਜੇ ਸਿੰਘ ਨੇ ਦੱਸਿਆ ਕਿ ਇਸ ਅੱਗ ਲੱਗਣ ਕਾਰਨ ਉਨਾਂ੍ਹ ਦਾ ਕਰੀਬ 8 ਤੋਂ 10 ਲੱਖ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ। ਉਸ ਨੇ ਦੱਸਿਆ ਕਿ ਉਸ ਨੇ ਘਟਨਾ ਸਬੰਧੀ ਥਾਣਾ ਧਾਰ ਕਲਾਂ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ, ਜੋ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਇਸ ਅੱਗ ਨੇ ਨਜ਼ਦੀਕੀ ਬਾਬਾ ਟੀ ਸਟਾਲ ਨਾਮ ਦੀ ਦੁਕਾਨ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਇਸ ਅੱਗ ਕਾਰਨ ਇਸ ਦੁਕਾਨ ਨੂੰ ਵੀ ਥੋੜ੍ਹਾ ਨੁਕਸਾਨ ਹੋਇਆ ਹੈ। ਫ਼ਿਲਹਾਲ ਦੁਕਾਨ ਨੂੰ ਅੱਗ ਕਿਵੇਂ ਲੱਗੀ ਪੁਲਿਸ ਇਸ ਘਟਨਾ ਦੀ ਜਾਂਚ ਪੜਤਾਲ ਕਰ ਰਹੀ ਹੈ।