ਕੈਬਨਿਟ ਮੰਤਰੀ ਮੀਤ ਹੇਅਰ ਤੇ ਡਿਪਟੀ ਕਮਿਸ਼ਨਰ ਨੇ ਦਿੱਤੀ ਮੁਬਾਰਕਬਾਦ
ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, ਬਰਨਾਲਾ, 6 ਜੁਲਾਈ
ਹਾਲ ਹੀ ਵਿਚ ਐਨਐਮਐਮਐਸ (ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ) ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ, ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਬਰਨਾਲਾ ਦੀ ਜਸਲੀਨ ਕੌਰ ਪੁੱਤਰੀ ਰਾਜ ਸਿੰਘ ਵਾਸੀ ਬਰਨਾਲਾ ਨੇ 180 ਵਿੱਚੋਂ 155 ਅੰਕਾਂ ਨਾਲ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਜਸਲੀਨ ਕੌਰ ਮੂਲ ਰੂਪ ਵਿੱਚ ਪਿੰਡ ਜੋਗੇ ਨਾਲ ਸਬੰਧਤ ਹੈ ਜੋ ਕਿ ਬਰਨਾਲਾ ਆਪਣੇ ਰਿਸ਼ਤੇਦਾਰ ਕੋਲ ਰਹਿ ਕੇ ਪੜ੍ਹਾਈ ਕਰ ਰਹੀ ਹੈ। ਉਸ ਦੇ ਪਿਤਾ ਜੀ ਦਿਹਾੜੀਦਾਰ ਹਨ। ਜਸਲੀਨ ਕੌਰ ਦੀ ਇਸ ਪ੍ਰਾਪਤੀ ’ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਤੇ ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨੇ ਮੁਬਾਰਕਬਾਦ ਦਿੱਤੀ। ਸਕੂਲ ਪ੍ਰਿੰਸੀਪਲ ਸ੍ਰੀਮਤੀ ਵਿਨਸੀ ਜਿੰਦਲ ਨੇ ਦੱਸਿਆ ਕਿ ਸਕੂਲ ਦੀਆਂ 8ਵੀਂ ਪਾਸ 14 ਵਿਦਿਆਰਥਣਾਂ ਨੇ ਜ਼ਿਲ੍ਹਾ ਪੱਧਰੀ ਮੈਰਿਟ ਸੂਚੀ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ। ਇਹ ਨਤੀਜਾ ਕੱਲ੍ਹ ਐਲਾਨਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੈਰਿਟ ਵਿਚੋਂ ਪਹਿਲੀਆਂ ਚਾਰ ਪੁਜ਼ੀਸ਼ਨਾਂ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਹਾਸਲ ਕੀਤੀਆਂ ਹਨ। ਜਸਲੀਨ ਕੌਰ (ਸੂਬੇ ਅਤੇ ਜ਼ਿਲ੍ਹੇ ਵਿੱਚੋ ਪਹਿਲੇ ਸਥਾਨ), ਅਲੀਸ਼ਾ ਰਾਣੀ (ਜ਼ਿਲ੍ਹੇ ਵਿੱਚੋ ਦੂਸਰਾ), ਜਸਮੀਨ ਕੌਰ ( ਤੀਸਰਾ ਸਥਾਨ), ਫ਼ਲਕ ਨਾਜ਼ ( ਚੌਥਾ ਸਥਾਨ), ਏਕਮਜੀਤ ਕੌਰ, ਗੀਤਾਂਜਲੀ ਵਰਮਾ, ਕਿਰਨਜੋਤ ਕੌਰ, ਮਨਜੋਤ ਕੌਰ, ਸੁਨੇਹਾ, ਖੁਸ਼ਪ੍ਰੀਤ ਕੌਰ, ਮਨਪ੍ਰੀਤ ਕੌਰ, ਹਮਦਾ ਮਲਿਕ, ਜਸਮੀਨ ਤੇ ਦੁਰਗਾਵਤੀ ਇਨ੍ਹਾਂ 14 ਵਿਦਿਅਰਥਣਾਂ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਇਆ। ਇਸ ਮੌਕੇ ਸਾਰੀਆਂ ਵਿਦਿਆਰਥਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਹੱਲਾਸ਼ੇਰੀ ਦਿੱਤੀ ਗਈ। ਇਸ ਮੌਕੇ ਨੋਡਲ ਅਫਸਰ ਪੰਕਜ ਗੋਇਲ ਨੇ ਦੱਸਿਆ ਕਿ ਸਕੂਲ ਦੇ 8ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਕੋਚਿੰਗ ਦੇਣ ਲਈ ਅਧਿਆਪਕਾਂ ਨੇ ਸਰਦੀ ਦੀਆਂ ਛੁੱਟੀਆਂ ਵਿੱਚ ਵੀ ਸਪੈਸ਼ਲ ਕਲਾਸਾਂ ਲਗਾਈਆਂ ਸਨ। ਇਸ ਮੌਕੇ ਸਟਾਫ ਮੈਂਬਰ ਪ੍ਰਿਯੰਕਾ, ਨੀਨਾ ਗੁਪਤਾ, ਕਮਲਦੀਪ, ਪ੍ਰਿਯਾ, ਮਾਧਵੀ ਤ੍ਰਿਪਾਠੀ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।