ਬੀਬੀਐਨ ਨੈਟਵਰਕ ਪੰਜਾਬ, ਜਲੰਧਰ ਬਿਊਰੋ, 8 ਜੁਲਾਈ
ਕਰਤਾਰਪੁਰ ਦੀ ਪੁਲਿਸ ਤੇ ਜੰਗਲਾਤ ਵਿਭਾਗ ਵੱਲੋਂ ਜਾਨਵਰਾਂ ਦੀ ਤਸਕਰੀ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ। ਜਾਣਕਾਰੀ ਅਨੁਸਾਰ ਦਸਿਆ ਜਾਦਾ ਹੈ ਕਿ ਕਿਸ਼ਨਗੜ੍ਹ ’ਚ ‘ਦਿ ਪੈੱਟ ਕਲੱਬ’ ਦੇ ਨਾਂ ‘ਤੇ ਦੁਕਾਨ ਚਲਾਉਣ ਵਾਲਾ ਮਨੀਸ਼ ਕੁਮਾਰ ਜੰਗਲੀ ਜਾਨਵਰਾਂ ਦੀ ਤਸਕਰੀ ਕਰਦਾ ਹੈ ਤੇ ਹੁਣ ਵਟਸਐਪ ਗਰੁੱਪ ‘ਚ ਟਾਈਗਰ ਦੇ ਬੱਚੇ ਦੀ ਵੀਡੀਓ ਭੇਜ ਕੇ 95 ਲੱਖ ਰੁਪਏ ’ਚ ਸੌਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਰਾਸ਼ਟਰੀ ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੱਸ ਦਈਏ ਕਿ ਜੰਗਲੀ ਜੀਵ ਵਣ ਰੇਂਜ ਅਫਸਰ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਹੁਣ ਤੱਕ ਆਪਣੇ ਗਿਰੋਹ ਨਾਲ ਮਿਲ ਕੇ 5 ਬਾਜ਼ ਤੇ 3 ਕੱਛੂਕੁੰਮੇ 6-6 ਹਜ਼ਾਰ ਰੁਪਏ ’ਚ ਵੇਚ ਚੁੱਕਾ ਹੈ। ਇਸ ਤੋਂ ਇਲਾਵਾ ਜੰਗਲੀ ਤੋਤੇ ਤੇ ਹੋਰ ਜਾਨਵਰਾਂ ਤੇ ਪੰਛੀਆਂ ਦੀਆਂ ਤਸਵੀਰਾਂ ਵੀ ਮਿਲੀਆਂ। ਜਾਣਕਾਰੀ ਮੁਤਾਬਿਕ ਜਲੰਧਰ ਤੋਂ ਸਿਰਫ 40 ਕਿਲੋਮੀਟਰ ਦੂਰ ਹੁਸ਼ਿਆਰਪੁਰ ਦੇ ਜੰਗਲ ਹਨ। ਜੰਗਲੀ ਜੀਵ ਵਣ ਰੇਂਜ ਅਫਸਰ ਜਸਵੰਤ ਸਿੰਘ ਨੇ ਕਿਹਾ ਹੈ ਕਿ ਉਥੇ ਜੰਗਲੀ ਤੋਤੇ, ਮੋਰ ਤੇ ਕੱਛੂਕੁੰਮੇ ਵਰਗੇ ਹੋਰ ਜੰਗਲੀ ਜੀਵ ਤਾਂ ਹਨ ਪਰ ਟਾਈਗਰ ਨਹੀਂ ਹਨ। ਜੰਗਲਾਂ ’ਚ ਚੀਤੇ ਹਨ, ਜੋ ਕਦੇ-ਕਦਾਈਂ ਰਾਹ ਭਟਕ ਕੇ ਸ਼ਹਿਰ ਵੱਲ ਆ ਜਾਂਦੇ ਹਨ। ਟਾਈਗਰ ਖਰੀਦਣ ਤੇ ਪਾਲਣਾ ਸੰਭਵ ਨਹੀਂ ਹੈ। ਟਾਈਗਰ ਦੇ ਬੱਚੇ ਦੀ ਵੀਡੀਓ ਕਿੱਥੋਂ ਆਈ ਹੈ ਅਤੇ ਵਟਸਐੱਪ ਗਰੁੱਪ ’ਚ ਇਸ ਨੂੰ ਸ਼ੇਅਰ ਕਰਨ ਦਾ ਮਕਸਦ ਕੀ ਸੀ, ਪੁਲਿਸ ਜਾਂਚ ਕਰੇਗੀ। ਕਿਸੇ ਨੂੰ ਵੀ ਜੰਗਲੀ ਜੀਵਾਂ ਨੂੰ ਘਰਾਂ ’ਚ ਵੀ ਰੱਖਣ ਦੀ ਆਗਿਆ ਨਹੀਂ ਹੈ। ਐਕਟ ਦੀ ਉਲੰਘਣ ਕਰਨ ਵਾਲਿਆ ਖ਼ਿਲਾਫ਼ ਵਿਭਾਗ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।