ਬੀਬੀਐਨ ਨੈਟਵਰਕ ਪੰਜਾਬ, ਗੁਰਦਾਸਪੁਰ ਬਿਊਰੋ, 8 ਜੁਲਾਈ
ਜੱਜ ਦੇ ਘਰ ਚੋਰੀ ਦੇ ਮਾਮਲੇ ਵਿੱਚ ਸ਼ੱਕ ਦੇ ਆਧਾਰ 'ਤੇ ਫੜੀ ਲੜਕੀ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਉਸ ਉੱਤੇ ਅਣਮਨੁੱਖੀ ਤਸ਼ੱਦਦ ਕਰਨ ਦੇ ਦੋਸ਼ ਸਣੇ 4 ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਇਹ ਹੁਕਮ ਦੁਪਹਿਰ ਗੁਰਦਾਸਪੁਰ ਦੇ ਐੱਸਐੱਸਪੀ ਵੱਲੋਂ ਜਾਰੀ ਕੀਤੇ ਗਏ ਅਤੇ ਸਸਪੈਂਡ ਕੀਤੇ ਗਏ, ਸਰਵਣ ਸਿੰਘ ਤੋਂ ਇਲਾਵਾ ਬਾਕੀ ਤਿੰਨਾਂ ਪੁਲਿਸ ਅਧਿਕਾਰੀਆਂ ਨੂੰ ਡਿਊਟੀ ਲਈ ਜ਼ਿਲ੍ਹੇ ਤੋਂ ਬਾਹਰ ਭੇਜਣ ਦੇ ਹੁਕਮ ਵੀ ਦਿੱਤੇ ਗਏ ਹਨ। ਜੱਜ ਦੇ ਘਰ ਸਫਾਈ ਦਾ ਕੰਮ ਕਰਨ ਵਾਲੀ ਲੜਕੀ ਨੇ ਦੋਸ਼ ਲਾਏ ਸਨ ਕਿ ਉਸਨੂੰ ਪੂਰੀ ਰਾਤ ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ ਪੁਲਿਸ ਨੇ ਥਰਡ ਡਿਗਰੀ ਤਸ਼ੱਦਦ ਕੀਤਾ, ਕੱਪੜੇ ਫਾੜੇ ਅਤੇ ਕਰੰਟ ਲਗਾਇਆ। ਬੀਤੇ ਕੱਲ ਉਕਤ ਪੁਲਿਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਿਰ ਕੀਤਾ ਗਿਆ ਸੀ ਪਰ ਵਿਰੋਧ ਦਾ ਸਿਲਸਿਲਾ ਫਿਰ ਵੀ ਬੰਦ ਨਾ ਹੋਇਆ ਤਾਂ ਅੱਜ ਉੱਚ ਅਧਿਕਾਰੀਆਂ ਨੂੰ ਸਸਪੈਂਡ ਕਰਨ ਦੀ ਕਾਰਵਾਈ ਕਰਨੀ ਪਈ।