ਬੀਬੀਐਨ ਨੈਟਵਰਕ ਪੰਜਾਬ ਪਟਿਆਲਾ ਬਿਊਰੋ,23ਜੁਲਾਈ
ਪਹਾੜਾਂ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਘੱਗਰ ਦਰਿਆ 'ਚ ਵਧੇ ਪਾਣੀ ਦਾ ਡਰ ਇਕ ਵਾਰ ਫਿਰ ਲੋਕਾਂ ਨੂੰ ਡਰਾਉਣ ਲੱਗ ਪਿਆ ਹੈ ਅਤੇ ਭਾਂਖਰਪੁਰ ਦੇ ਘੱਗਰ ਦਾ ਪਾਣੀ ਮਾਪਣ ਵਾਲੇ ਅਮਲੇ ਅਨੁਸਾਰ ਦੋ ਫੁੱਟ 'ਤੇ ਵੱਗ ਰਹੇ ਘੱਗਰ ਦਰਿਆ ਦਾ ਪੱਧਰ ਅੱਜ ਮੁੜ ਇਕਦਮ ਵੱਧ ਗਿਆ ਤੇ ਸਵੇਰੇ 8 ਵਜੇ ਦੇ ਕਰੀਬ ਇਹ ਸਾਢੇ ਨੌਂ ਫੁੱਟ 'ਤੇ ਪੁੱਜ ਗਿਆ ਸੀ ਅਤੇ ਜੋ ਹੁਣ ਅੱਧਾ ਫੁੱਟ ਘੱਟ ਕੇ 9 ਫੁੱਟ 'ਤੇ ਰਹਿ ਗਿਆ। ਸਵੇਰ ਤੋਂ ਹੀ ਪ੍ਰਸ਼ਾਸਨ ਘੱਗਰ ਦਰਿਆ ਦੇ ਵਧਦੇ ਪੱਧਰ 'ਤੇ ਨਜ਼ਰਾਂ ਟਿਕਾਈ ਬੈਠਾ ਸੀ। ਪ੍ਰਸ਼ਾਸਨ ਨੇ ਲੋਕਾਂ ਨੂੰ ਮੁੜ ਘੱਗਰ ਦਰਿਆ ਦੇ ਨੇੜੇ ਜਾਣ ਦੀ ਮਨਾਹੀ ਕੀਤੀ ਹੈ। ਪ੍ਰਸ਼ਾਸਨ ਵੱਲੋਂ ਘੱਗਰ ਨੇੜੇ ਬੈਠੇ ਲੋਕਾਂ ਨੂੰ ਅਜਿਹੀ ਸਥਿਤੀ ਵਿਚ ਚੌਕਸ ਰਹਿਣ ਦੀ ਚਿਤਾਵਨੀ ਦਿੱਤੀ ਗਈ ਸੀ ਤੇ ਪਿਛਲੇ ਦਿਨੀਂ ਪਏ ਭਾਰੀ ਮੀਂਹ ਦੇ ਚੱਲਦੇ ਘੱਗਰ ਦਰਿਆ ਨੇ ਆਪਣਾ ਵਿਕਰਾਲ ਰੂਪ ਧਾਰਨ ਕਰ ਕੇ ਪੂਰੀ ਤਬਾਹੀ ਮਚਾਈ ਸੀ ਜਿਸ ਨੂੰ ਅਜੇ ਲੋਕ ਭੁੱਲੇ ਵੀ ਨਹੀਂ ਸਨ ਕਿ ਅੱਜ ਘੱਗਰ ਦਰਿਆ ਨੇ ਇਕ ਵਾਰ ਫਿਰ ਨੀਵੇਂ ਇਲਾਕੇ ਦੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।