ਬੀਬੀਐਨ ਨੈਟਵਰਕ ਪੰਜਾਬ, ਪਟਿਆਲਾ ਬਿਊਰੋ, 28 ਜੁਲਾਈ
ਪਟਿਆਲਾ ਦੇ ਸਰਹਿੰਦ ਰੋਡ ਦੇ ਨੇੜੇ ਪਿੰਡ ਝਿੱਲ 'ਚ ਬਾਥਰੂਮ 'ਚੋਂ ਮਾਂ-ਪੁੱਤ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਜਾਣਕਾਰੀ ਮੁਤਾਬਿਕ ਦੱਸਿਆ ਜਾਦਾ ਹੈ ਕਿ ਗੁਰਮਨ ਸਿੰਘ ਮੈਡੀਕਲ ਕਾਲਜ ਤੋਂ ਡਰਾਈਵਰ ਵਜੋਂ ਸੇਵਾਮੁਕਤ ਹੋਇਆ ਹੈ ਅਤੇ ਇਨ੍ਹੀਂ ਦਿਨੀਂ ਉਹ ਆਟੋ ਚਲਾਉਂਦਾ ਹੈ। ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਇੱਕ ਬੇਟੀ ਅਤੇ ਇੱਕ ਬੇਟਾ ਹੈ। ਕੁੜੀ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ, ਜਿਸ ਕਰਕੇ ਉਹ ਆਪਣੀ ਪਤਨੀ ਅਤੇ ਬੇਟੇ ਹਰਵਿੰਦਰ ਸਿੰਘ ਜੱਗੀ ਨਾਲ ਰਹਿੰਦਾ ਸੀ। ਹਰਵਿੰਦਰ ਸਿੰਘ ਜੱਗੀ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਦੱਸ ਦੇਈਏ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਕੰਮ 'ਤੇ ਗਿਆ ਅਤੇ ਸ਼ਾਮ 4 ਵਜੇ ਘਰ ਵਾਪਸ ਆ ਕੇ ਦੇਖਿਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਗੁਰਮਨ ਸਿੰਘ ਨੇ ਆਪਣੇ ਭਰਾ ਅਤੇ ਨੇੜੇ ਰਹਿੰਦੇ ਗੁਆਂਢੀਆਂ ਦੀ ਮਦਦ ਨਾਲ ਕੁੰਡੀ ਤੋੜ ਕੇ ਦਰਵਾਜ਼ਾ ਖੋਲ੍ਹਿਆ। ਜਦੋਂ ਉਹ ਅੰਦਰ ਪਹੁੰਚਿਆ ਤਾਂ ਦੇਖਿਆ ਕਿ ਫਰਸ਼ 'ਤੇ ਖੂਨ ਦੇ ਛਿੱਟੇ ਪਏ ਸਨ। ਦੋਵੇਂ ਮਾਂ-ਪੁੱਤ ਦੀਆਂ ਲਾਸ਼ਾਂ ਬਾਥਰੂਮ 'ਚ ਪਈਆਂ ਸਨ, ਅਤੇ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮ੍ਰਿਤਕ ਹਰਵਿੰਦਰ ਸਿੰਘ ਦੀ ਸਰੀਰਕ ਜਾਂਚ ਤੇ ਸੂਈਆਂ ਦੇ ਨਿਸ਼ਾਨ ਮਿਲੇ ਹਨ, ਜਿਸ ਤੋਂ ਸ਼ੱਕ ਪੈਦਾ ਹੋਇਆ ਹੈ ਕਿ ਉਹ ਨਸ਼ੇ ਦਾ ਆਦੀ ਸੀ। ਦੱਸ ਦੇਈਏ ਕਿ ਗੁਰਮਨ ਸਿੰਘ ਦੇ ਘਰ ਦੇ ਇੱਕ ਪਾਸੇ ਖਾਲੀ ਪਲਾਟ ਹੈ, ਜਦਕਿ ਪਿਛਲੇ ਪਾਸੇ ਮਕਾਨ ਬਣੇ ਹੋਏ ਹਨ। ਦੂਜੇ ਪਾਸੇ ਗੁਰਮਨ ਸਿੰਘ ਦੇ ਦੋਵੇਂ ਭਰਾਵਾਂ ਦੇ ਘਰ ਨਾਲ-ਨਾਲ ਹਨ, ਜਿਸ ਕਾਰਨ ਘਰ ਅੰਦਰ ਕਿਸੇ ਬਾਹਰੀ ਵਿਅਕਤੀ ਦੇ ਦਾਖਲ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਮੌਕੇ 'ਤੇ ਕਿਸੇ ਵੀ ਲੁੱਟ-ਖੋਹ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਘਟਨਾ ਸਥਾਨ 'ਤੇ ਜਾਂਚ ਜਾਰੀ ਹੈ।