ਬੀਬੀਐਨ ਨੈਟਵਰਕ ਪੰਜਾਬ, ਬਠਿੰਡਾ ਬਿਊਰੋ, 31 ਜੁਲਾਈ
ਬਠਿੰਡਾ-ਭੁੱਚੋ ਓਵਰਬ੍ਰਿਜ ’ਤੇ ਪੰਜ ਕਾਰਾਂ ਦੀ ਆਪਸ ਵਿਚ ਹੋਈ ਟੱਕਰ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਤੇਜ਼ ਰਫਤਾਰ ਕਾਰਨ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਕੈਂਟ ਪੁਲਿਸ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਲੋਕਾਂ ਅਨੁਸਾਰ ਇਕ ਕਾਰ ਬਠਿੰਡਾ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ। ਇਕ ਮਾਈਕਰਾ ਕਾਰ ਬਠਿੰਡਾ ਤੋਂ ਭੁੱਚੋ ਵੱਲ ਜਾ ਰਹੀ ਸੀ। ਅਚਾਨਕ ਉਸ ਦੇ ਅੱਗੇ ਕੋਈ ਚੀਜ ਆ ਜਾਣ ਕਾਰਨ ਚਾਲਕ ਨੇ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਕਾਰ ਅਸੰਤੁਲਿਤ ਹੋ ਕੇ ਡਿਵਾਈਡਰ ਦੇ ਉਤੋਂ ਦੀ ਸੜਕ ਦੇ ਦੂਜੇ ਪਾਸੇ ਚਲੀ ਗਈ ਤੇ ਚੰਡੀਗੜ੍ਹ ਵਾਲੇ ਪਾਸੋਂ ਆ ਰਹੀਆਂ ਚਾਰ ਕਾਰਾਂ ਇਕ ਇਕ ਕਰਕੇ ਉਸ ਨਾਲ ਟਕਰਾ ਕੇ ਚਕਨਾਚੂਰ ਹੋ ਗਈਆਂ। ਦੱਸ ਦੇਈਏ ਕਿ ਸੁਸਾਇਟੀ ਦੀਆਂ ਟੀਮਾਂ ਐਂਬੂਲੈਂਸ ਲੈ ਕੇ ਮੌਕੇ ’ਤੇ ਪਹੁੰਚੀਆਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਆਦੇਸ਼ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਹਾਦਸੇ ’ਚ 15 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ, ਜਦਕਿ ਹਾਦਸੇ ’ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਕੋਈ ਸੂਚਨਾ ਨਹੀਂ ਹੈ।