ਬੀਬੀਐਨ ਨੈਟਵਰਕ ਪੰਜਾਬ ਹਰਿਆਣਾ ਬਿਊਰੋ, 4 ਅਗਸਤ
ਹਰਿਆਣਾ ਦੇ ਨੂਹ 'ਚ ਹੋਏ ਦੰਗਿਆਂ ਤੋਂ ਬਾਅਦ ਪੁਲਿਸ ਹੁਣ ਜਾਗ ਗਈ ਹੈ। ਪੁਲਿਸ ਨੇ ਤਾਵਡੂ ਰੋਹਿੰਗਿਆਂ ਤੇ ਨਜਾਇਜ਼ ਘੁਸਪੈਠੀਆਂ ਦੇ ਗ਼ੈਰ-ਕਾਨੂੰਨੀ ਕਬਜ਼ੇ 'ਤੇ ਬੁਲਡੋਜ਼ਰ ਚਲਾ ਦਿੱਤਾ ਹੈ। ਘਟਨਾ ਦੀ ਜਾਂਚ ਤੋਂ ਪਤਾ ਲਁਗਾ ਹੈ ਕਿ ਇਹ ਲੋਕ ਹਿੰਸਾ ਵਿਚ ਸ਼ਾਮਿਲ ਸਨ। ਦੱਸ ਦਈਏ ਕਿ 176 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨੂਹ 'ਚ ਕੱਢੇ ਗਏ ਜਲੂਸ 'ਤੇ ਪਥਰਾਅ ਕੀਤੇ ਜਾਣ ਤੋਂ ਬਾਅਦ ਹੀ ਦੋ ਭਾਈਚਾਰਿਆਂ ਵਿਚਾਲੇ ਹਿੰਸਾ ਭੜਕ ਗਈ। ਪੁਲਿਸ ਨੇ ਸੋਸ਼ਲ ਮੀਡੀਆ 'ਤੇ 2300 ਵੀਡੀਓਜ਼ ਦੀ ਪਛਾਣ ਕੀਤੀ ਹੈ। ਇਨ੍ਹਾਂ ਵੀਡੀਓਜ਼ ਨੇ ਹਿੰਸਾ ਭੜਕਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਹਿੰਸਾ ਯੋਜਨਾ ਤਹਿਤ ਕੀਤੀ ਗਈ ਸੀ ਅਤੇ ਨਾਲ ਹੀ ਉਹ ਭੀੜ ਵਿਚ ਸ਼ਾਮਲ ਹੋ ਕੇ ਨਾਜਾਇਜ਼ ਹਥਿਆਰਾਂ ਨਾਲ ਫਾਇਰਿੰਗ ਕਰ ਰਹੇ ਸਨ। ਇੰਨਾ ਹੀ ਨਹੀਂ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਭੀੜ 'ਚ ਸ਼ਾਮਿਲ ਹੋ ਕੇ ਹਥਿਆਰਾਂ, ਇੱਟਾਂ, ਪੱਥਰਾਂ ਤੇ ਡੰਡਿਆਂ ਨਾਲ ਹਮਲਾ ਵੀ ਕੀਤਾ ਸੀ। ਕਾਰਾਂ ਨੂੰ ਅੱਗ ਲਗਾ ਦਿੱਤੀ ਗਈ। ਸਾਈਬਰ ਪੁਲਿਸ ਸਟੇਸ਼ਨ 'ਤੇ ਵੀ ਹਮਲਾ ਕੀਤਾ ਗਿਆ। ਬਦਮਾਸ਼ਾਂ ਨੇ ਪੁਲਿਸ ਮੁਲਾਜ਼ਮਾਂ 'ਤੇ ਵੀ ਹਮਲਾ ਕਰ ਦਿੱਤਾ। ਨੂਹ ਹਿੰਸਾ ਵਿੱਚ ਦੋ ਹੋਮਗਾਰਡਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ। ਹਰਿਆਣਾ 'ਚ ਹਿੰਸਾ ਦੇ ਦੋਸ਼ੀਆਂ ਖਿਲਾਫ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ।