ਬੀਬੀਐਨ ਨੈਟਵਰਕ ਪੰਜਾਬ ਪਟਿਆਲਾ ਬਿਊਰੋ, 12 ਅਗਸਤ
ਪੰਜਾਬੀ ਯੂਨੀਵਰਸਿਟੀ ਦੀ ਭਰਤੀ ਸ਼ਾਖਾ ’ਚ ਮੁਲਾਜ਼ਮਾਂ ਦੀ ਭਰਤੀ ਸਬੰਧੀ ਰਿਕਾਰਡ ਚੋਰੀ ਹੋ ਗਿਆ ਹੈ। ਚੋਰੀ ਦੀ ਇਹ ਵਾਰਦਾਤ ਐਤਵਾਰ ਰਾਤ ਨੂੰ ਅੰਜਾਮ ਦਿੱਤੀ ਗਈ ਅਤੇ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਏਡਾ ਵੱਡਾ ਸੁਰੱਖਿਆ ਅਮਲਾ ਹੋਣ ਦੇ ਬਾਵਜੂਦ ਵੀਰਵਾਰ ਤੱਕ ਵੀ ਇਸ ਚੋਰੀ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਰਿਕਾਰਡ ਨਾਲ ਛੇੜਛਾੜ ਹੋਈ ਹੈ ਅਤੇ ਇਹ ਚੋਰ ਭਰਤੀ ਸ਼ਾਖਾ ’ਚ ਪਈਆਂ ਪੱਕੇ ਹੋਣ ਵਾਲੇ ਮੁਲਾਜਮਾਂ ਦੀਆਂ ਫਾਈਲਾਂ ਹੀ ਚੋਰੀ ਕਰਨ ਆਇਆ ਸੀ।ਰਜਿਸਟਰਾਰ ਦੀ ਅਗਵਾਈ ’ਚ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਹੈ ਤਾਂ ਜੋ ਚੋਰੀ ਹੋਏ ਰਿਕਾਰਡ ਤੇ ਚੋਰੀ ਕਰਨ ਵਾਲਿਆਂ ਦੀ ਪਛਾਣ ਹੋ ਸਕੇ।ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ’ਚ ਬਣੀ ਸੀਕਰੇਸੀ ਸ਼ਾਖਾ ਦੇ ਨਾਲ ਹੀ ਭਰਤੀ ਸ਼ਾਖਾ ਹੈ। ਇੱਥੇ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਭਰਤੀ ਤੇ ਉਨ੍ਹਾਂ ਨਾਲ ਸਬੰਧਤ ਹੋਰ ਰਿਕਾਰਡ ਰੱਖਿਆ ਜਾਂਦਾ ਹੈ। ਸਵੇਰੇ ਜਦੋਂ ਇਸ ਸ਼ਾਖਾ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ ਤੇ ਸਾਰਾ ਰਿਕਾਰਡ ਖਿੱਲਰਿਆ ਹੋਇਆ ਸੀ। ਚੋਰ ਐਲਿਊਮੀਨੀਅਮ ਦੀ ਖਿੜਕੀ ਤੋੜ ਕੇ ਅੰਦਰ ਵੜੇ ਸਨ। ਮੁਲਾਜ਼ਮਾਂ ਨੇ ਇਸ ਬਾਰੇ ਸੀਨੀਅਰ ਅਧਿਕਾਰੀਆਂ ਤੇ ਸੁਰੱਖਿਆ ਅਮਲੇ ਨੂੰ ਜਾਣੂੰ ਕਰਵਾਇਆ। ਤੁਰੰਤ ਪੁਲਿਸ ਕੋਲ ਲਿਖਤੀ ਸ਼ਿਕਾਇਤ ਕੀਤੀ ਗਈ ਅਤੇ ਇਸ ਸਬੰਧੀ ਥਾਣਾ ਅਰਬਨ ਅਸਟੇਟ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।