ਬੀਬੀਐਨ ਨੈਟਵਰਕ ਪੰਜਾਬ ਅੰਮ੍ਰਿਤਸਰ ਬਿਊਰੋ,17 ਅਗਸਤ
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਤਾਇਨਾਤ ਕਸਟਮ ਅਧਿਕਾਰੀਆਂ ਨੇ ਸੋਮਵਾਰ ਨੂੰ ਸ਼ਾਰਜਾਹ ਤੋਂ ਵਾਪਸ ਪਰਤੇ ਇਕ ਯਾਤਰੀ ਕੋਲੋਂ 45 ਲੱਖ 22 ਹਜ਼ਾਰ ਰੁਪਏ ਦਾ ਨਾਜਾਇਜ਼ ਸੋਨਾ ਜ਼ਬਤ ਕੀਤਾ। ਇੰਡੀਗੋ ਦੀ ਫਲਾਈਟ ਨੰਬਰ 6E1428 ਰਾਹੀਂ ਆਏ ਇਸ ਯਾਤਰੀ ਨੇ ਕੈਪਸੂਲ 'ਚ ਛੁਪਾ ਕੇ ਸੋਨਾ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ। ਕਸਟਮ ਕਮਿਸ਼ਨਰੇਟ ਨੇ ਇਸ ਯਾਤਰੀ ਖਿਲਾਫ ਕਸਟਮ ਐਕਟ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਫਲਾਈਟ ਤੋਂ ਆਉਣ ਵਾਲੇ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਦੌਰਾਨ ਇਕ ਯਾਤਰੀ ਦੀ ਨਿੱਜੀ ਚੈਕਿੰਗ ਦੌਰਾਨ ਉਸ ਦੇ ਕਬਜ਼ੇ 'ਚੋਂ ਤਿੰਨ ਕੈਪਸੂਲ ਬਰਾਮਦ ਹੋਏ। ਇਹ ਯਾਤਰੀ ਉਕਤ ਕੈਪਸੂਲ ਆਪਣੀ ਗੁੱਦਾ 'ਚ ਛੁਪਾ ਕੇ ਸ਼ਾਰਜਾਹ ਤੋਂ ਭਾਰਤ ਲਿਆਇਆ ਸੀ। ਜਾਂਚ ਦੌਰਾਨ ਦੋਸ਼ੀ ਯਾਤਰੀ ਦੇ ਗੁਦਾ 'ਚੋਂ ਕੱਢੇ ਗਏ ਤਿੰਨ ਕੈਪਸੂਲ ਦਾ ਕੁੱਲ ਵਜ਼ਨ 1054 ਗ੍ਰਾਮ ਪਾਇਆ ਗਿਆ। ਮੁਲਜ਼ਮ ਦੀ ਪਛਾਣ ਮਨੀਸ਼ ਕੁਮਾਰ ਵਾਸੀ ਸ਼ਿਵਾਨੀ ਨਗਰ, ਲੁਧਿਆਣਾ ਵਜੋਂ ਹੋਈ ਹੈ।ਉਨ੍ਹਾਂ ਨੂੰ ਖੋਲ੍ਹਣ 'ਤੇ ਅੰਦਰੋਂ 750 ਗ੍ਰਾਮ ਸੋਨਾ ਬਰਾਮਦ ਹੋਇਆ, ਜਿਸ ਦੀ ਬਾਜ਼ਾਰੀ ਕੀਮਤ 45 ਲੱਖ 22 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਕਸਟਮ ਅਧਿਕਾਰੀਆਂ ਨੇ ਮੁਸਾਫਰ ਕੋਲੋਂ ਬਰਾਮਦ ਕੀਤਾ ਗੈਰ-ਕਾਨੂੰਨੀ ਸੋਨਾ ਜ਼ਬਤ ਕਰ ਲਿਆ ਤੇ ਉਸ ਖਿਲਾਫ ਕਸਟਮ ਐਕਟ, 1962 ਦੀ ਧਾਰਾ 110 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ।