ਬੀਬੀਐਨ ਨੈਟਵਰਕ ਪੰਜਾਬ ਲੁਧਿਆਣਾ ਬਿਊਰੋ,17 ਅਗਸਤ
ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚੋਂ ਸੁਰੱਖਿਆ ਦੇ ਉੱਪਰ ਵੱਡੇ ਸਵਾਲ ਖੜੇ ਹੋ ਰਹੇ ਹਨ ਅਤੇ ਜੇਲਾਂ ਵਿੱਚੋਂ ਆਏ ਦਿਨ ਮੋਬਾਇਲ ਫੋਨ ਅਤੇ ਨਸ਼ਾ ਹੋ ਰਿਹਾ ਹੈ। ਪਰ ਇਸ ਪਿੱਛੇ ਕਿਤੇ ਨਾ ਕਿਤੇ ਕਰਮਚਾਰੀਆਂ ਦੀ ਮਿਲੀ ਭੁਗਤ ਵੀ ਸ਼ਾਮਿਲ ਹੈ।ਜੇਲ੍ਹ ਦੀ ਸੁਰੱਖਿਆ ਵਿੱਚ ਤਾਇਨਾਤ ਏਐਸਆਈ ਹਰਬੰਸ ਸਿੰਘ ਨੂੰ 70 ਨਸ਼ੀਲੀਆਂ ਗੋਲੀਆਂ,6 ਗ੍ਰਾਮ ਹੈਰੋਇਨ,25 ਗ੍ਰਾਮ ਖੁੱਲਾ ਜ਼ਰਦਾ ਅਤੇ 2 ਪੁੜੀਆਂ ਚੈਨੀ ਕੈਨੀ ਸਮੇਤ ਕਾਬੂ ਕੀਤਾ ਗਿਆ ਹੈ। ਜੇਲ੍ਹ ਮੁਲਾਜ਼ਮਾਂ ਨੇ ਏਐਸਆਈ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਹਵਾਲਾਤੀ ਅਤੇ ਕੈਦੀ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇਣ ਜਾ ਰਿਹਾ ਸੀ। ਥਾਣਾ ਡਵੀਜ਼ਨ ਨੰਬਰ 7 ਦੇ ਸਬ ਇੰਸਪੈਕਟਰ ਜਨਕ ਰਾਜ ਨੇ ਦੱਸਿਆ ਕਿ ਏਐੱਸਆਈ ਹਰਬੰਸ ਸਿੰਘ ਜੇਲ੍ਹ ਦੀ ਸੁਰੱਖਿਆ ਵਿੱਚ ਤਾਇਨਾਤ ਹੈ। ਜੇਲ੍ਹ ਦੇ ਅੰਦਰ ਦਾਖਲ ਹੁੰਦੇ ਸਮੇਂ ਜੱਦ ਸ਼ੱਕ ਪੈਣ ਤੇ ਜੇਲ੍ਹ ਮੁਲਾਜ਼ਮਾਂ ਨੇ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਚੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਜੇਲ੍ਹ ਅਧਿਕਾਰੀਆਂ ਵੱਲੋਂ ਕੀਤੀ ਗਈ ਪੁੱਛਗਿੱਛ ਦੇ ਦੌਰਾਨ ਏਐਸਆਈ ਨੇ ਦੱਸਿਆ ਕਿ ਉਹ ਨਸ਼ੀਲੇ ਪਦਾਰਥ ਕੈਦੀ ਗੁਰਜੀਤ ਸਿੰਘ ਅਤੇ ਮੇਹਰਬਾਨ ਦੇ ਵਾਸੀ ਹਵਾਲਾਤੀ ਡੇਵਿਡ ਕਪੂਰ ਲਈ ਜੇਲ੍ਹ ਅੰਦਰ ਲੈ ਕੇ ਜਾ ਰਿਹਾ ਸੀ। ਇਸ ਮਾਮਲੇ ਵਿੱਚ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਤੇ ਪਿੰਡ ਤਲਵੰਡੀ ਰਾਏ ਦੇ ਵਾਸੀ ਏਐਸਆਈ ਹਰਬੰਸ ਸਿੰਘ,ਕੈਦੀ ਗੁਰਜੀਤ ਸਿੰਘ ਅਤੇ ਹਵਾਲਾਤੀ ਡੇਵਿਡ ਕਪੂਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।