ਬੀਬੀਐਨ ਨੈਟਵਰਕ ਪੰਜਾਬ ਲੁਧਿਆਣਾ ਬਿਊਰੋ,30 ਅਕਤੂਬਰ
ਲੁਧਿਆਣਾ-ਦਿੱਲੀ ਹਾਈਵੇ 'ਤੇ ਵਾਪਰੇ ਭਿਆਨਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ 'ਚ ਫੱਟੜ ਹੋ ਗਏ। ਹਾਦਸਾ ਸ਼ੇਰਪੁਰ ਚੌਕ 'ਚ ਦਾਦਾ ਮੋਟਰਜ਼ ਦੇ ਬਿਲਕੁਲ ਸਾਹਮਣੇ ਵਾਪਰਿਆ। ਹਾਦਸਾ ਇਸ ਕਦਰ ਭਿਆਨਕ ਸੀ ਕਿ ਸਵਿਫਟ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਵਾਲੀ ਥਾਂ ਦੇ ਕੋਲ ਮੌਜੂਦ ਕੁਝ ਲੋਕਾਂ ਦਾ ਕਹਿਣਾ ਹੈ ਕਿ ਤੇਜ਼ ਰਫਤਾਰ ਹੀ ਕਾਰਨ ਸਵਿਫਟ ਕਾਰ ਆਪਣਾ ਸੰਤੁਲਨ ਗੁਆ ਬੈਠੀ। ਕਾਰ ਦੀ ਰਫਤਾਰ ਇਸ ਕਦਰ ਤੇਜ਼ ਸੀ ਕਿ ਉਸਨੇ ਇਕ ਰਿਕਸ਼ਾ, ਸਾਈਕਲ ਤੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਸਿੱਟੇ ਵਜੋਂ ਰਿਕਸ਼ਾ ਚਾਲਕ ਦੀ ਮੌਤ ਹੋ ਗਈ ਜਦਕਿ ਗੰਭੀਰ ਰੂਪ 'ਚ ਫੱਟੜ ਹੋਏ ਦੋ ਵਿਅਕਤੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਫੱਟੜ ਹੋਏ ਵਿਅਕਤੀ ਪ੍ਰਤਾਪ ਨਗਰ ਦੇ ਵਾਸੀ ਰਾਮ ਬਚਨ ਅਤੇ ਪ੍ਰੇਮ ਚੰਦ ਦਾ ਇਲਾਜ ਸਿਵਲ ਹਸਪਤਾਲ ਵਿੱਚ ਕੀਤਾ ਜਾ ਰਿਹਾ ਅਤੇ ਜ਼ਖ਼ਮੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਕੰਮ ਤੋਂ ਵਾਪਸ ਆ ਰਹੇ ਸਨ ਤਾਂ ਉਹ ਤੇਜ਼ ਰਫਤਾਰ ਕਾਰ ਦੀ ਲਪੇਟ 'ਚ ਆ ਗਏ। ਹਾਦਸਾ ਇਸ ਕਦਰ ਭਿਆਨਕ ਸੀ ਕਿ ਟੱਕਰ ਵੱਜਦੇ ਹੀ ਕਾਰ ਦੇ ਏਅਰਬੈਗ ਖੁੱਲ੍ਹ ਗਏ ਤੇ ਡਰਾਈਵਰ ਬਚ ਗਿਾ। ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਇਸ ਸਾਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ।