ਬੀਬੀਐਨ ਨੈਟਵਰਕ ਪੰਜਾਬ ਜਲੰਧਰ ਬਿਊਰੋ,30 ਅਕਤੂਬਰ
ਗਦਈਪੁਰ 'ਚ ਰਹਿਣ ਵਾਲੇ ਪ੍ਰੇਮ ਬਹਾਦਰ ਵਾਸੀ ਨੇਪਾਲ ਹਾਲ ਵਾਸੀ ਗਦਈਪੁਰ ਤੇ ਉਸ ਦੀ ਪਤਨੀ ਭਾਵਨਾ ਨੇ ਆਪਣੇ ਕਮਰੇ 'ਚ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜਾਨ ਦੇ ਦਿੱਤੀ। ਪਿਛਲੇ ਤਿੰਨ ਦਿਨ ਤੋਂ ਦੋਵੇਂ ਜਣੇ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲੇ ਸਨ। ਸੋਮਵਾਰ ਸਵੇਰੇ ਜਦੋਂ ਉਨ੍ਹਾਂ ਦੇ ਕਮਰੇ 'ਚੋਂ ਬਦਬੂ ਆਉਣ ਲੱਗੀ ਤਾਂ ਗੁਆਂਢੀਆਂ ਨੇ ਇਸ ਦੀ ਸੂਚਨਾ ਥਾਣਾ ਨੰਬਰ ਅੱਠ ਦੀ ਪੁਲਿਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜਦ ਕਮਰੇ ਅੰਦਰ ਦਾਖਲ ਹੋ ਕੇ ਦੇਖਿਆ ਤਾਂ ਦੋਵਾਂ ਦੀਆਂ ਲਾਸ਼ਾਂ ਕਮਰੇ 'ਚ ਪਈਆਂ ਸਨ ਤੇ ਉਨ੍ਹਾਂ ਦੇ ਰੰਗ ਕਾਲੇ ਪੈ ਚੁੱਕੇ ਸਨ। ਇੰਝ ਜਾਪਦਾ ਸੀ ਕਿ ਉਨ੍ਹਾਂ ਨੇ ਤਕਰੀਬਨ ਤਿੰਨ ਦਿਨ ਪਹਿਲਾਂ ਖੁਦਕੁਸ਼ੀ ਕੀਤੀ ਹੈ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ ਹਨ। ਮ੍ਰਿਤਕਾਂ ਕੋਲੋਂ ਕੋਈ ਸੁਸਾਈਡ ਨੋਟ ਨਾ ਮਿਲਣ ਕਾਰਨ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ।