ਬੀਬੀਐਨ ਨੈਟਵਰਕ ਪੰਜਾਬ ਜਲੰਧਰ ਬਿਊਰੋ,31ਅਕਤੂਬਰ
ਗਦਈਪੁਰ ’ਚ ਘਰੇਲੂ ਝਗੜੇ ਕਾਰਨ ਪਤਨੀ ਨੇ ਜ਼ਹਿਰ ਨਿਗਲ ਲਿਆ ਤੇ ਪਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਅਤੇ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਲਾਸ਼ਾਂ ਸੜਨ ਲੱਗੀਆਂ ਤੇ ਬਦਬੂ ਆਉਣ ’ਤੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਮ੍ਰਿਤਕਾ ਦੀ ਪਛਾਣ ਪੇ੍ਰਮ ਬਹਾਦੁਰ ਤੇ ਉਸ ਦੀ ਪਤਨੀ ਭਾਵਨਾ ਵਾਸੀ ਨੇਪਾਲ ਹਾਲ ਵਾਸੀ ਗਦਈਪੁਰ ਵਜੋਂ ਹੋਈ ਹੈ ਤੇ ਸੂਚਨਾ ਮਿਲਣ ’ਤੇ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।ਫੋਕਲ ਪੁਆਇੰਟ ਚੌਕੀ ਦੇ ਇੰਚਾਰਜ ਨਰਿੰਦਰ ਮੋਹਨ ਨੇ ਦੱਸਿਆ ਕਿ ਭਾਵਨਾ ਦੀ ਲਾਸ਼ ਕੋਲ ਚੂਹੇ ਮਾਰਨ ਵਾਲੀ ਦਵਾਈ ਦੇ ਪੈਕਟ ਪਏ ਸਨ ਤੇ ਪੇ੍ਰਮ ਦੀ ਲਾਸ਼ ਫਾਹੇ ’ਤੇ ਝੂਲ ਰਹੀ ਸੀ ਅਤੇ ਲਾਸ਼ਾਂ ਦੋ-ਤਿੰਨ ਦਿਨਾਂ ਤੋਂ ਕਮਰੇ ’ਚ ਪਈਆਂ ਸਨ। ਬਦਬੂ ਦਾ ਪਤਾ ਲੱਗਾ ਤਾਂ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਪੇ੍ਰਮ ਤੇ ਭਾਵਨਾ ਦੇ ਵਿਆਹ ਨੂੰ ਕਰੀਬ ਤਿੰਨ ਸਾਲ ਹੋ ਗਏ ਸਨ। ਦੋਵਾਂ ਦੇ ਕੋਈ ਔਲਾਦ ਨਾ ਹੋਣ ਕਾਰਨ ਝਗੜੇ ਹੁੰਦੇ ਰਹਿੰਦੇ ਸਨ। ਲੜਾਈ ਤੋਂ ਬਾਅਦ ਵੇਟਰ ਦਾ ਕੰਮ ਕਰਨ ਵਾਲਾ ਪੇ੍ਰਮ ਅਕਸਰ ਘਰੋਂ ਚਲਾ ਜਾਂਦਾ ਸੀ। ਘਟਨਾ ਵਾਲੇ ਦਿਨ ਵੀ ਉਹ ਘਰੋਂ ਚਲਾ ਗਿਆ ਸੀ ਪਰ ਜਦੋਂ ਵਾਪਸ ਆਇਆ ਤਾਂ ਉਸ ਦੀ ਪਤਨੀ ਮ੍ਰਿਤਕ ਪਈ ਸੀ। ਇਸੇ ਸਦਮੇ ਕਾਰਨ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।