ਬੀਬੀਐਨ ਨੈਟਵਰਕ ਪੰਜਾਬ ਚੰਡੀਗੜ੍ਹ ਬਿਊਰੋ,31ਅਕਤੂਬਰ
ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਮਾਮਲੇ ’ਚ ਦੋਸ਼ੀ ਹਰਿਆਣਾ ਪੁਲਿਸ ਦੀ ਮਹਿਲਾ ਹੈੱਡ ਕਾਂਸਟੇਬਲ ਰਿਤੂ ਬਾਲਾ ਨੂੰ ਜ਼ਿਲ੍ਹਾ ਅਦਾਲਤ ਨੇ ਚਾਰ ਸਾਲ ਦੀ ਸਜ਼ਾ ਸੁਣਾਈ ਹੈ ਅਤੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਰਿਤੂ ਬਾਲਾ ਨੂੰ 26 ਅਕਤੂਬਰ ਨੂੰ ਦੋਸ਼ੀ ਕਰਾਰ ਦਿੱਤਾ ਸੀ। ਸੀਬੀਆਈ ਨੇ ਪੰਚਕੂਲਾ ਦੇ ਕਾਲਕਾ ਪੁਲਿਸ ਥਾਣੇ ’ਚ ਤਾਇਨਾਤ ਹੈੱਡ ਕਾਂਸਟੇਬਲ ਰਿਤੂ ਬਾਲਾ ਖ਼ਿਲਾਫ਼ 16 ਸਤੰਬਰ, 2016 ਨੂੰ ਪੰਜ ਹਜ਼ਾਰ ਰੁਪਏ ਰਿਸ਼ਵਤ ਮਾਮਲੇ ਵਿਚ ਭ੍ਰਿਸ਼ਟਾਚਾਰ ਐਕਟ ਦੀ ਧਾਰਾ 7 ਤੇ 13 ਤਹਿਤ ਕੇਸ ਦਰਜ ਕੀਤਾ ਸੀ। ਦੋਸ਼ੀ ਮਹਿਲਾ ਹੈੱਡ ਕਾਂਸਟੇਬਲ ਖ਼ਿਲਾਫ਼ ਪਿੰਜੌਰ ਵਾਸੀ ਅਮਰਜੀਤ ਸਿੰਘ ਨੇ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਸੀ। ਦੋਸ਼ੀ ਮਹਿਲਾ ਹੈੱਡ ਕਾਂਸਟੇਬਲ ਨੇ ਸ਼ਿਕਾਇਤਕਰਤਾ ਦੀ ਪਤਨੀ ਖ਼ਿਲਾਫ਼ ਦਰਜ ਦੇਹ ਵਪਾਰ ਦੇ ਮਾਮਲੇ ਨੂੰ ਰਫਾ-ਦਫਾ ਕਰਨ ਦੇ ਇਵਜ ਵਿਚ ਉਸ ਤੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਦਰਜ ਮਾਮਲੇ ਅਨੁਸਾਰ ਸ਼ਿਕਾਇਤਕਰਤਾ ਨੇ ਸੀਬੀਆਈ ਨੂੰ ਦੱਸਿਆ ਕਿ ਉਸ ਦੀ ਪਤਨੀ ਦੇ ਖ਼ਿਲਾਫ਼ ਕਾਲਕਾ ਪੁਲਿਸ ਥਾਣੇ ’ਚ ਕਿਸੇ ਲੜਕੀ ਨੇ ਦੇਹ ਵਪਾਰ ਦਾ ਧੰਦਾ ਕਰਵਾਉਣ ਦੀ ਝੂਠੀ ਸ਼ਿਕਾਇਤ ਦਿੱਤੀ ਸੀ ਪਰ ਇਸ ਸ਼ਿਕਾਇਤ ’ਤੇ ਦੋਸ਼ੀ ਹੈੱਡ ਕਾਂਸਟੇਬਲ ਨੇ ਉਸ ਦੀ ਪਤਨੀ ਨੂੰ ਕਿਹਾ ਸੀ ਕਿ ਉਹ ਸ਼ਿਕਾਇਤ ਨੂੰ ਰਫਾ-ਦਫਾ ਕਰ ਦੇਵੇਗੀ ਪਰ ਇਸ ਦੇ ਲਈ 10 ਹਜ਼ਾਰ ਰੁਪਏ ਦੇਣੇ ਪੈਣਗੇ। ਸੀਬੀਆਈ ਮਨੀਮਾਜਰਾ ਸਥਿਤ ਹਾਊਸਿੰਗ ਬੋਰਡ ਨੇੜੇ ਹੈੱਡ ਕਾਂਸਟੇਬਲ ਰਿਤੂ ਬਾਲਾ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ ਸੀ। ਰਿਤੂ ਬਾਲਾ ਦਾ ਪਤੀ ਚੰਡੀਗੜ੍ਹ ਪੁਲਿਸ ਵਿਭਾਗ ’ਚ ਕਾਂਸਟੇਬਲ ਹੈ।