ਬੀਬੀਐਨ ਨੈਟਵਰਕ ਪੰਜਾਬ ਫਤਿਹਗੜ੍ਹ ਸਾਹਿਬ ਬਿਊਰੋ, 31ਅਕਤੂਬਰ
ਖਮਾਣੋਂ ’ਚ ਸੋਮਵਾਰ ਸਵੇਰੇ ਇਕ ਪੁੱਤ ਵੱਲੋਂ ਆਪਣੀ ਮਾਂ ਦਾ ਗਲ਼ਾ ਘੁੱਟ ਕੇ ਹੱਤਿਆ ਕਰਨ ਉਪਰੰਤ ਆਪਣੇ ਆਪ ਨੂੰ ਕੱਚ ਦੇ ਟੁੱਕੜੇ ਨਾਲ ਗੰਭੀਰ ਜ਼ਖ਼ਮੀ ਕਰ ਲਿਆ ਹੈ।ਮਰਨ ਵਾਲੀ ਔਰਤ ਦਾ ਨਾਂ ਪਰਮਜੀਤ ਕੌਰ (60) ਪਤਨੀ ਦਿਲਬਾਰਾ ਸਿੰਘ ਹੈ ਜੋ ਕਿ ਵਾਸੀ ਵਾਰਡ ਨੰਬਰ-1, ਮਨਸੂਰਪੁਰ ਰੋਡ ਖਮਾਣੋਂ ਦੀ ਰਹਿਣ ਵਾਲੀ ਸੀ ਜਿਸ ਨੂੰ ਕਿ ਉਸ ਦੇ ਪੁੱਤਰ ਨਰਿੰਦਰ ਸਿੰਘ ਉਰਫ ਗੋਰਖਾ (22) ਵੱਲੋਂ ਕਥਿਤ ਤੌਰ ’ਤੇ ਘਰ ਦੇ ਅੰਦਰ ਹੀ ਸੋਮਵਾਰ ਸਵੇਰੇ ਕਰੀਬ ਸਾਢੇ ਛੇ ਤੋਂ ਸਾਢੇ ਅੱਠ ਵਜੇ ਦੇ ਦਰਮਿਆਨ ਗਲਾ ਘੁੱਟ ਕੇ ਮਾਰ ਦਿੱਤਾ ਜਦੋਂਕਿ ਆਪਣੇ ਆਪ ਨੂੰ ਕੱਚ ਦੇ ਟੁੱਕੜੇ ਨਾਲ ਬਾਹਾਂ ਅਤੇ ਗਰਦਨ ’ਤੇ ਗੰਭੀਰ ਰੂਪ ’ਚ ਜ਼ਖਮੀ ਕਰ ਲਿਆ ਜਿਸ ਨੂੰ ਗੰਭੀਰ ਹਾਲਤ ’ਚ ਉਸ ਦੇ ਪਿਤਾ ਦਿਲਬਾਰਾ ਸਿੰਘ ਨੇ ਉਦੋਂ ਦੇਖਿਆ ਜਦੋਂ ਉਹ ਉਪਰੋਕਤ ਸਮੇਂ ਦੌਰਾਨ ਖੇਤਾਂ ’ਚ ਗਿਆ ਹੋਣ ਉਪਰੰਤ ਘਰ ਵਾਪਸ ਆਇਆ। ਉਸ ਨੇ ਦੇਖਿਆ ਕਿ ਘਰ ਦੇ ਮੁੱਖ ਦਰਵਾਜ਼ੇ ਦੀ ਜਾਲੀ ਵਾਲੇ ਗੇਟ ਦੀ ਕੁੰਡੀ ਅੰਦਰੋਂ ਲੱਗੀ ਹੋਈ ਸੀ ਅਤੇ ਅੰਦਰ ਨਰਿੰਦਰ ਸਿੰਘ ਉਰਫ ਗੋਰਖਾ ਖੂਨ ਨਾਲ ਲੱਥਪੱਥ ਬੇਹੋਸ਼ ਪਿਆ ਸੀ। ਉਸ ਨੇ ਆਂਢ-ਗੁਆਂਢ ਇਕੱਠਾ ਕਰ ਕੇ ਜਾਲੀ ਤੋੜ ਕੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਇਕ ਕਮਰੇ ’ਚ ਉਸ ਦੀ ਪਤਨੀ ਮੰਜੇ ’ਤੇ ਮ੍ਰਿਤਕ ਪਈ ਸੀ। ਉਕਤ ਨੌਜਵਾਨ ਮਾਨਸਿਕ ਰੋਗੀ ਦੱਸਿਆ ਜਾ ਰਿਹਾ ਹੈ। ਘਟਨਾ ਦਾ ਪਤਾ ਲੱਗਦਿਆਂ ਸਥਾਨਕ ਪੁਲਿਸ ਡੀਐੱਸਪੀ ਰਮਿੰਦਰ ਸਿੰਘ ਕਾਹਲੋਂ ਦੀ ਅਗਵਾਈ ਹੇਠ ਮੌਕੇ ’ਤੇ ਪਹੁੰਚੀ ਅਤੇ ਥਾਣਾ ਮੁਖੀ ਐੱਸਆਈ ਬਲਵੀਰ ਸਿੰਘ ਨੇ ਮੌਕੇ ’ਤੇ ਸਥਿਤੀ ਦੇਖੀ ਅਤੇ ਆਪਣੀ ਕਾਰਵਾਈ ਆਰੰਭ ਕਰ ਦਿੱਤਾ ਅਤੇ ਇਸ ਦੌਰਾਨ ਫਿੰਗਰ ਪਿ੍ਰੰਟ ਮਾਹਰਾਂ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਆਪਣੀ ਕਾਰਵਾਈ ਵੀ ਕੀਤੀ। ਮ੍ਰਿਤਕਾ ਦੇ ਪਤੀ ਦਿਲਬਾਰਾ ਸਿੰਘ ਦੇ ਬਿਆਨ ਲਏ ਜਾ ਰਹੇ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।