ਬੀਬੀਐਨ ਨੈਟਵਰਕ ਪੰਜਾਬ ਪਟਿਆਲਾ ਬਿਊਰੋ,31ਅਕਤੂਬਰ
ਸਥਾਨਕ ਨਵੇਂ ਬੱਸ ਸਟੈਂਡ ਵਿਖੇ ਵਾਪਰੇ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ ਤੇ ਸਵੇਰੇ ਰਣਜੀਤ ਸਿੰਘ (31) ਆਪਣੀ ਪਤਨੀ ਨੂੰ ਬੱਸ ਸਟੈਂਡ ਛੱਡਣ ਲਈ ਆਇਆ ਸੀ ਅਤੇ ਉਹ ਬੱਸਾਂ ਦੇ ਅੰਦਰ ਜਾਣ ਲਈ ਬਣੇ ਪੁਲ਼ ’ਤੇ ਆਪਣਾ ਮੋਟਰਸਾਈਕਲ ਚੜ੍ਹਾ ਕੇ ਲੈ ਆਇਆ ਤਾਂ ਸਵਾਰੀਆਂ ਉਤਾਰਨ ਵਾਲੀ ਥਾਂ ਕੋਲ ਖੜ੍ਹੇ ਸਕਿਉਰਟੀ ਗਾਰਡ ਨੇ ਉਸਨੂੰ ਅੱਗੇ ਨਾ ਜਾਣ ਦਿੱਤਾ ਕਿਉਂਕਿ ਇਹ ਰਸਤਾ ਸਿਰਫ਼ ਬੱਸਾਂ ਦੇ ਅੰਦਰ ਜਾਣ ਲਈ ਵਰਤਿਆ ਜਾਂਦਾ ਹੈ, ਜਿਸ ਕਾਰਨ ਉਹ ਆਪਣਾ ਮੋਟਰਸਾਈਕਲ ਉਥੇ ਹੀ ਖੜ੍ਹਾ ਕਰਕੇ ਆਪਣੀ ਪਤਨੀ ਨੂੰ ਬੱਸ ਅੱਡੇ ਦੇ ਅੰਦਰ ਛੱਡ ਆਇਆ ਅਤੇ ਜਦੋਂ ਵਾਪਸ ਜਾਣ ਲੱਗਾ ਤਾਂ ਪਿਹੋਵਾ ਤੋਂ ਆ ਰਹੀ ਪੀਆਰਟੀਸੀ ਦੀ ਬੱਸ ਜਦੋਂ ਬੱਸ ਸਟੈਂਡ ਅੰਦਰ ਜਾਣ ਲਈ ਪੁਲ ’ਤੇ ਪੁੱਜੀ ਤਾਂ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਸ ਦੌਰਾਨ ਮੋਟਰਸਾਈਕਲ ਸਵਾਰ ਰਣਜੀਤ ਸਿੰਘ ਕੁਚਲਿਆ ਗਿਆ, ਜਿਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਅਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਦੀ ਵੀਡੀਓ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਜੋ ਬਾਅਦ ਵਿਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ।ਥਾਣਾ ਅਰਬਨ ਅਸਟੇਟ ਦੇ ਜਾਂਚ ਅਧਿਕਾਰੀ ਏਐੱਸਆਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਰਣਜੀਤ ਸਿੰਘ ਦੇ ਪਰਿਵਾਰਿਕ ਮੈਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਅਣਪਛਾਤੇ ਬੱਸ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।