ਨਗਰ ਕੌਂਸਲ ਬਰਨਾਲਾ ਦੇ ਨਵੇਂ ਪ੍ਰਧਾਨ ਦੀ ਨਹੀਂ ਹੋਵੇਗੀ ਇਸ ਵਾਰ ਦੀ ਦਿਵਾਲੀ ਪ੍ਰਧਾਨਗੀ ਦੇ ਨੋਟੀਫਿਕੇਸ਼ਨ ਤੋਂ ਪਹਿਲਾਂ ਹੀ ਲੱਗਿਆ ਇਕ ਮਹੀਨੇ ਦਾ ਹੋਰ ਅੜੀਕਾ
ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ/ਬਰਨਾਲਾ ਬਿਊਰੋ, 31 ਅਕਤੂਬਰ
ਨਗਰ ਕੌਂਸਲ ਬਰਨਾਲਾ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੀ ਖਿੱਚੋਤਾਨ ਤੋਂ ਬਾਅਦ ਬੇਸ਼ੱਕ ਪ੍ਰਸ਼ਾਸਨ ਦੇ ਵੱਲੋਂ ਸੱਤਾਧਾਰੀ ਸਰਕਾਰ ਦੇ ਦਬਾਵ ਹੇਠ ਆ ਕੇ ਪਹਿਲਾਂ ਵਾਲੇ ਪ੍ਰਧਾਨ ਨੂੰ ਉਤਾਰ ਦਿੱਤਾ ਗਿਆ ਅਤੇ ਉਸ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ। ਜਿਸ ਤੋਂ ਕੁਝ ਦਿਨਾਂ ਬਾਅਦ ਹੀ ਨਵੇਂ ਪ੍ਰਧਾਨ ਦੀ ਚੋਣ ਕਰਦਿਆਂ ਰੁਪਿੰਦਰ ਸਿੰਘ ਸ਼ੀਤਲ ਬੰਟੀ ਨੂੰ ਵਾਰਡ ਨੰਬਰ 26 ਤੋਂ ਕੌਂਸਲਰ ਹੈ, ਉਸ ਨੂੰ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਪਰ ਉਸ ਦੀ ਪ੍ਰਧਾਨਗੀ ਤੋਂ ਕੁਝ ਘੰਟੇ ਬਾਅਦ ਹੀ ਹਾਈਕੋਰਟ ਵੱਲੋਂ ਸਟੇ ਆਰਡਰ ਜਾਰੀ ਕਰ ਦਿੱਤੇ ਗਏ ਜਿਸ ਦੀ 31 ਅਕਤੂਬਰ ਅਗਲੀ ਮਿਤੀ ਤੈਅ ਕੀਤੀ ਗਈ ਸੀ ਅਤੇ ਹੁਣ 30 ਨਵੰਬਰ ਨੂੰ ਅਗਲੀ ਸੁਣਵਾਈ ਹੋਵੇਗੀ ਹਾਈਕੋਰਟ ਵੱਲੋਂ ਇਸ ਫੈਸਲੇ ਦੀ ਸੁਣਵਾਈ ਨੂੰ ਅੱਗੇ ਵਧਾਉਂਦਿਆਂ ਨਵੇਂ ਪ੍ਰਧਾਨ ਦੇ ਜਸ਼ਨ ਦੇ ਵਿੱਚ ਜਿੱਥੇ ਖੀਰ ਦੇ ਵਿੱਚ ਰੇਤ ਦਾ ਕੰਮ ਕੀਤਾ ਹੈ ਉੱਥੇ ਹੀ ਨਵੇਂ ਪ੍ਰਧਾਨ ਦੀ ਦਿਵਾਲੀ ਫਿੱਕੀ ਪਾ ਦਿੱਤੀ ਹੈ।
ਅੱਜ ਫਿਰ ਜਸਟਿਸ ਗੁਰਮੀਤ ਸਿੰਘ ਅਤੇ ਜਸਟਿਸ ਹਰਪ੍ਰੀਤ ਕੌਰ ਨੇ ਸੁਣਵਾਈ ਕੀਤੀ ਗਈ, ਪਰੰਤੂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਸੁਣਵਾਈ ਦੌਰਾਨ ਕੋਈ ਜਿਆਦਾ ਕੁਝ ਪ੍ਰਧਾਨਗੀ ਦੇ ਚੱਲ ਰਹੇ ਵਿਵਾਦ ਮਾਮਲੇ ਵਿੱਚ ਸਾਹਮਣੇ ਨਹੀਂ ਆਇਆ, ਸਿਰਫ ਅਗਲੀ ਸੁਣਵਾਈ ਲਈ ਤਾਰੀਖ ਪੇਸ਼ੀ 30 ਨਵੰਬਰ ਤੇ ਪਾ ਦਿੱਤੀ ਗਈ ਹੈ। ਮਾਨਯੋਗ ਅਦਾਲਤ ਦੇ ਜਸਟਿਸ ਰਾਜ ਮੋਹਨ ਸਿੰਘ ਅਤੇ ਹਰਪ੍ਰੀਤ ਸਿੰਘ ਬਰਾੜ ਦੇ ਬੈਂਚ ਨੇ 17 ਅਕਤੂਬਰ ਨੂੰ ਹੋਈ ਸੁਣਵਾਈ ਦੌਰਾਨ 31 ਅਕਤੂਬਰ ਤੱਕ ਨਵੇਂ ਚੁਣੇ ਪ੍ਰਧਾਨ ਰੁਪਿੰਦਰ ਸਿੰਘ ਸ਼ੀਤਲ ਦੀ ਚੋਣ ਦਾ ਨੌਟੀਫਿਕੇਸ਼ਨ ਜ਼ਾਰੀ ਕਰਨ ਤੇ ਲਾਈ ਗਈ ਰੋਕ ਨੂੰ ਵੀ ਇੱਕ ਮਹੀਨੇ ਲਈ ਯਾਨੀ 30 ਨਵੰਬਰ ਤੱਕ ਅੱਗੇ ਵਧਾ ਦਿੱਤਾ ਗਿਆ ਹੈ। ਉੱਧਰ ਨਗਰ ਕੌਂਸਲ ਦੀ ਪ੍ਰਧਾਨਗੀ ਹਾਸਿਲ ਕਰਨ ਦਾ ਜਸ਼ਨ ਮਨਾਉਣ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਆਮ ਆਦਮੀ ਪਾਰਟੀ ਦੇ ਸਮੱਰਥਕਾਂ ਨੂੰ ਕਾਫੀ ਧੱਕਾ ਲੱਗਾ ਹੈ।ਯਾਨੀ ਹੁਣ ਉਨ੍ਹਾਂ ਦੇ ਇੰਤਜ਼ਾਰ ਦੀਆਂ ਘੜੀਆਂ ਇੱਕ ਮਹੀਨਾ ਹੋਰ ਲੰਬੀਆਂ ਹੋ ਗਈਆਂ ਹਨ।