ਬੀਬੀਐਨ ਨੈਟਵਰਕ ਪੰਜਾਬ ਸੰਗਰੂਰ ਬਿਊਰੋ, 2 ਨਵੰਬਰ
ਸੁਨਾਮ ਪਟਿਆਲਾ ਮੁੱਖ ਸੜਕ 'ਤੇ ਪੈਂਦੇ ਪਿੰਡ ਮਰਦਖੇੜਾ ਦੇ ਨਜ਼ਦੀਕ ਵੀਰਵਾਰ ਤੜਕਸਾਰ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਬੱਚੇ ਸਮੇਤ ਛੇ ਜਣਿਆਂ ਦੀ ਮੌਤ ਹੋ ਗਈ ਹੈ ਅਤੇ ਮ੍ਰਿਤਕ ਸੁਨਾਮ ਦੇ ਰਹਿਣ ਵਾਲੇ ਸਨ। ਮ੍ਰਿਤਕ ਮਾਲੇਰਕੋਟਲਾ ਵਿਖੇ ਇੱਕ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਉਪਰੰਤ ਵਾਪਸ ਆਪਣੇ ਘਰ ਸੁਨਾਮ ਪਰਤ ਰਹੇ ਸਨ ਤੇ ਦਿਨ ਚੜਦਿਆਂ ਜਿਉਂ ਹੀ ਹਾਦਸੇ ਵਿੱਚ ਸ਼ਹਿਰ ਦੇ ਛੇ ਜਣਿਆਂ ਦੀ ਮੌਤ ਦਾ ਪਤਾ ਲੱਗਾ ਤਾਂ ਸ਼ਹਿਰ ਅੰਦਰ ਮਾਤਮ ਵਾਲਾ ਮਾਹੌਲ ਬਣ ਗਿਆ। ਮਾਰਕੀਟ ਕਮੇਟੀ ਸੁਨਾਮ ਦੇ ਸਾਬਕਾ ਚੇਅਰਮੈਨ ਮੁਨੀਸ਼ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ ਰਾਤ ਸੁਨਾਮ ਦੇ ਨੀਰਜ਼ ਸਿੰਗਲਾ ਕਾਰ ਵਿੱਚ ਸਵਾਰ ਆਪਣੇ ਹੋਰ ਸਾਥੀਆਂ ਸਮੇਤ ਮਾਲੇਰਕੋਟਲਾ ਵਿਖੇ ਬਾਬਾ ਹੈਦਰ ਸ਼ੇਖ ਦੀ ਦਰਗਾਹ 'ਤੇ ਮੱਥਾ ਟੇਕਣ ਉਪਰੰਤ ਸੁਨਾਮ ਵਾਪਸ ਪਰਤ ਰਹੇ ਸਨ ਅਤੇ ਜਿਉਂ ਹੀ ਉਹ ਪਿੰਡ ਮਰਦਖੇੜਾ ਦੇ ਨਜ਼ਦੀਕ ਪੁੱਜੇ ਤਾਂ ਦੋ ਟਰਾਲਿਆਂ ਨੇ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਵਾਪਰੇ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਉਨ੍ਹਾਂ ਦੱਸਿਆ ਕਿ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਨੀਰਜ਼ ਸਿੰਗਲਾ ਅਤੇ ਉਸਦੇ ਸਾਢੇ ਕੁ ਚਾਰ ਸਾਲ ਦਾ ਪੁੱਤਰ, ਦੀਪਕ ਜਿੰਦਲ, ਲੱਕੀ ਦੁੱਧ ਵਾਲਾ , ਇੱਕ ਪੰਦਰਾਂ ਸਾਲ ਦੀ ਕੁੜੀ ਸਮੇਤ ਇੱਕ ਹੋਰ ਦੀ ਮੌਤ ਹੋ ਗਈ ਹੈ।