ਬੀਬੀਐਨ ਨੈਟਵਰਕ ਪੰਜਾਬ ਹੁਸ਼ਿਆਰਪੁਰ ਬਿਊਰੋ, 2 ਨਵੰਬਰ
ਬੀਤੀ ਦੇਰ ਰਾਤ ਸ਼ਹਿਰ ਟਾਂਡਾ ਦੇ ਸ਼ਿਮਲਾ ਪਹਾੜੀ ਨੇੜੇ ਪੈਂਦੇ ਮੇਨ ਬਜ਼ਾਰ ਉੜਮੁੜ ਰੋਡ ਤੇ ਮਸ਼ਹੂਰ ਮਾਲਵਾ ਹੈਂਡਲੂਮ ਦੇ ਸ਼ੋ ਰੂਮ ਵਿੱਚ ਅਚਾਨਕ ਉਪਰਲੀ ਮੰਜਿਲ ਵਿੱਚ ਅੱਗ ਲੱਗ ਗਈ ਜੋ ਵੇਖਦੇ ਵੇਖਦੇ ਭਿਆਨਕ ਰੂਪ ਧਾਰਨ ਕਰ ਗਈ ਹੈ ਅਤੇ ਇਸ ਅੱਗ ਦੀ ਲਪੇਟ ਵਿੱਚ ਆਉਣ ਤੇ ਸ਼ੋ ਰੂਮ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਰਾਤ ਸ਼ੋ ਰੂਮ ਦੇ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਦਸਮੇਸ਼ ਨਗਰ ਨੂੰ ਸੂਚਨਾ ਮਿਲੀ ਸੀ ਕਿ ਉਸ ਦੀ ਸ਼ੋ ਰੂਮ ਦੀ ਉਪਰਲੀ ਮੰਜਿਲ ਵਿੱਚੋਂ ਧੂੰਆਂ ਨਿਕਲ ਰਿਹਾ ਹੈ ਤੇ ਮੌਕੇ ਤੇ ਪਹੁੰਚਣ ਤੇ ਰਣਜੀਤ ਸਿੰਘ ਨੇ ਵੇਖਿਆ ਕਿ ਸ਼ੋ ਰੂਮ ਵਿੱਚ ਅੱਗ ਲੱਗੀ ਹੋਈ ਹੈ । ਰਣਜੀਤ ਸਿੰਘ ਨੇ ਮੌਕੇ ਤੇ ਨਗਰ ਕੌਸਲ ਪ੍ਰਸ਼ਾਸਨ ਨੂੰ ਇਸ ਸਬੰਧੀ ਸੂਚਨਾ ਦਿੱਤੀ , ਜਿਸ ਤੋਂ ਬਾਅਦ ਫਾਈਰ ਬ੍ਰਿਗੇਡ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ । ਇਸ ਸਬੰਧੀ ਗੱਲਬਾਤ ਕਰਦਿਆਂ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਉਸਦਾ ਦੁਕਾਨ ਵਿਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਚੁੱਕਾ ਹੈ । ਫਿਲਹਾਲ ਅੱਗ ਲੱਗਣ ਦਾ ਕਾਰਨ ਸਰਕਟ ਸ਼ਾਟ ਸਮਝਿਆ ਜਾ ਰਿਹਾ ਹੈ , ਪਰ ਪੂਰਨ ਤੌਰ ਤੇ ਅੱਗ ਲੱਗਣ ਸਬੰਧੀ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ ਅਤੇ ਮੌਕੇ ਤੇ ਪਹੁਚੀ ਪੁਲਿਸ ਟੀਮ ਵਲੋਂ ਘਟਨਾ ਦੇ ਸਥਾਨ ਤੇ ਜਾਂਚ ਕੀਤੀ ਜਾ ਰਹੀ ਹੈ ।