ਬੀਬੀਐਨ ਨੈਟਵਰਕ ਪੰਜਾਬ ਚੰਡੀਗੜ੍ਹ ਬਿਊਰੋ,3 ਨਵੰਬਰ
ਪੰਜਾਬ ਤੇ ਹਰਿਆਣਾ ਦੇ ਵਿਦੇਸ਼ਾਂ ਵਿਚ ਲਾਪਤਾ ਹੋਣ ਵਾਲੇ ਲੋਕਾਂ ਦੇ ਮਾਮਲਿਆਂ ਦੀ ਜਾਂਚ ਸੀਬੀਆਈ ਕਰੇਗੀ ਅਤੇ ਸੀਬੀਆਈ ਨੇ ਚਾਰ ਵੱਖ-ਵੱਖ ਮਾਮਲੇ ਵੀ ਦਰਜ ਕੀਤੇ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਸੀਬੀਆਈ ਜਾਂਚ ’ਚ ਜੁਟ ਗਈ ਹੈ ਅਤੇ ਪੰਜਾਬ ਤੇ ਹਰਿਆਣਾ ਦੇ ਇਹ ਲੋਕ ਕੰਮ ਦੀ ਭਾਲ ਵਿਚ ਵਿਦੇਸ਼ ਗਏ ਸਨ ਪਰ ਉਥੇ ਲਾਪਤਾ ਹੋ ਗਏ ਹਨ। ਅਦਾਲਤ ਨੇ ਕੇਂਦਰੀ ਏਜੰਸੀ ਨੂੰ ਪੰਜ ਵਰਕਰਾਂ ਦੇ ਮਾਮਲਿਆਂ ਦੀ ਜਾਂਚ ਆਪਣੇ ਹੱਥਾਂ ਵਿਚ ਲੈਣ ਦੇ ਨਿਰਦੇਸ਼ ਦਿੱਤੇ ਸਨ। ਰਿਸ਼ਤੇਦਾਰਾਂ ਨੂੰ ਟ੍ਰੈਵਲ ਏਜੰਟਾਂ ਨੇ ਫਰਜ਼ੀ ਦਸਤਾਵੇਜ਼ਾਂ ’ਤੇ ਜਾਂ ਤਸਕਰੀ ਰਾਹੀਂ ਵਿਦੇਸ਼ ਭੇਜਣ ਦਾ ਲਾਲਚ ਦਿੱਤਾ ਸੀ। ਇਸ ਦੇ ਬਾਅਦ ਉਹ ਉਥੇ ਲਾਪਤਾ ਹੋ ਗਏ। ਸੀਬੀਆਈ ਨੇ ਦਲਜੀਤ ਸਿੰਘ, ਅਕਤੂਬਰ ਸਿੰਘ, ਜਸਵੰਤ ਸਿੰਘ ਤੇ ਮਹਾ ਸਿੰਘ ਦੀਆਂ ਵੱਖ-ਵੱਖ ਸ਼ਿਕਾਇਤਾਂ ਵਿਚ ਹਰਿਆਣਾ ਦੀ ਨੀਤਾ, ਬੰਟੀ, ਯੁੱਧਵੀਰ ਭਾਟੀ ਤੇ ਪੰਜਾਬ ਦੇ ਅਵਤਾਰ ਸਿੰਘ ਅਤੇ ਪ੍ਰਦੀਪ ਕੁਮਾਰ ਖਿਲਾਫ ਮਾਮਲਾ ਦਰਜ ਕੀਤਾ ਹੈ। ਮਹਾ ਸਿੰਘ ਨੇ ਦੋਸ਼ ਲਾਇਆ ਕਿ ਉਸ ਦਾ ਪੁੱਤਰ ਸੋਮਬੀਰ ਦੋ ਹੋਰ ਵਿਅਕਤੀਆਂ ਨਾਲ ਯੁੱਧਵੀਰ ਰਾਠੀ ਡਿਫੈਂਸ ਅਕੈਡਮੀ ਰਾਹੀਂ ਯਮਨ ਵਿਚ ਓਵਰਸੀਜ਼ ਸ਼ਿਪਿੰਗ ਕੰਪਨੀ ਵਿਚ ਕੰਮ ਕਰਨ ਗਿਆ ਸੀ। ਇਕ ਸਾਲ ਬਾਅਦ ਉਸ ਨਾਲ ਗਏ ਦੋ ਵਿਅਕਤੀ ਵਾਪਸ ਆ ਗਏ ਪਰ ਉਸ ਦੇ ਪੁੱਤਰ ਦਾ ਕੋਈ ਥੁਹ-ਪਤਾ ਨਹੀਂ ਲੱਗ ਰਿਹਾ। ਪਟੀਸ਼ਨਰ ਦੇ ਵਕੀਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ 105 ਲੋਕ ਲਾਪਤਾ ਹਨ ਤੇ ਉਨ੍ਹਾਂ ਦਾ ਕੁਝ ਵੀ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਟੀਸ਼ਨਰ ਨੇ ਮਾਮਲੇ ਦਰਜ ਕਰਨ ਤੇ ਆਪਣੇ ਲਾਪਤਾ ਬੱਚਿਆਂ ਦੀ ਭਾਲ ਲਈ ਪੁਲਿਸ ਨਾਲ ਸੰਪਰਕ ਕਰਨ ਲਈ ਵਾਰ-ਵਾਰ ਕੋਸ਼ਿਸ਼ ਕੀਤੀ ਗਈ ਪਰ ਸੂਬੇ ਦੇ ਵਿਭਾਗ ਤੇ ਹੋਰ ਮਸ਼ੀਨਰੀ ਉਨ੍ਹਾਂ ਨੂੰ ਲੱਭਣ ਵਿਚ ਕੋਈ ਪ੍ਰਭਾਵੀ ਸਾਬਤ ਨਹੀਂ ਹੋਈ।ਸੂਬਾ ਪੁਲਿਸ ਦਾ ਅਧਿਕਾਰ ਖੇਤਰ ਹੋਰ ਵੀ ਸੀਮਤ ਹੈ ਤੇ ਕੇਂਦਰੀ ਏਜੰਸੀਆਂ ’ਤੇ ਬਹੁਤ ਜ਼ਿਆਦਾ ਨਿਰਭਰਤਾ ਹੈ। ਉਧਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਕੇਂਦਰ ਨੇ ਸੀਬੀਆਈ ਨੂੰ ਜਾਂਚ ਸੌਂਪਣ ਦਾ ਵਿਰੋਧ ਨਹੀਂ ਕੀਤਾ।