ਬੀਬੀਐਨ ਨੈਟਵਰਕ ਪੰਜਾਬ ਲੁਧਿਆਣਾ ਬਿਊਰੋ,3 ਨਵੰਬਰ
ਖ਼ੁਦ ਨੂੰ ਵਿਦੇਸ਼ 'ਚ ਬੈਠਾ ਗੈਂਗਸਟਰ ਲੰਢਾ ਹਰੀਕੇ ਦੱਸਣ ਵਾਲੇ ਵਿਅਕਤੀ ਨੇ ਡੇਹਲੋਂ ਦੇ ਇਕ ਰੈਸਟੋਰੈਂਟ ਕਾਰੋਬਾਰੀ ਨੂੰ ਆਡੀਓ ਮੈਸੇਜ ਭੇਜ ਕੇ ਧਮਕਾਇਆ ਤੇ ਉਸ ਕੋਲੋਂ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਅਤੇ ਇਸ ਮਾਮਲੇ 'ਚ ਥਾਣਾ ਡੇਹਲੋ ਦੀ ਪੁਲਿਸ ਨੇ ਪਿੰਡ ਡੇਹਲੋਂ ਦੇ ਵਾਸੀ ਨਿਰਮਲ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸੀ-ਵਨ ਨਾਮ ਦਾ ਰੈਸਟੋਰੈਂਟ ਹੈ। ਸਵੇਰੇ ਸਾਢੇ 10 ਵਜੇ ਉਹ ਆਪਣੇ ਰੈਸਟੋਰੈਂਟ 'ਚ ਮੌਜੂਦ ਸਨ। ਇਸੇ ਦੌਰਾਨ ਉਨ੍ਹਾਂ ਦੇ ਮੋਬਾਈਲ 'ਤੇ ਵਿਦੇਸ਼ੀ ਨੰਬਰ ਤੋਂ ਇਕ ਮੈਸੇਜ ਆਇਆ।ਮੈਸੇਜ ਤੋਂ ਬਾਅਦ ਨਿਰਮਲ ਸਿੰਘ ਨੂੰ ਲਗਾਤਾਰ ਤਿੰਨ ਵ੍ਹਟਸਐਪ ਮਿਸ ਕਾਲਾਂ ਆਈਆਂ। ਕੁਝ ਸਮੇਂ ਬਾਅਦ ਕਾਲਰ ਨੇ ਉਨ੍ਹਾਂ ਨੂੰ ਆਡੀਓ ਮੈਸੇਜ ਭੇਜਿਆ ਜਿਸ ਵਿਚ ਉਨ੍ਹਾਂ ਆਖਿਆ ਕਿ ਉਹ ਲੰਢਾ ਹਰੀਕੇ ਬੋਲ ਰਿਹਾ ਹੈ। ਕਾਲਰ ਨੇ ਧਮਕਾਉਂਦਿਆਂ ਰੈਸਟੋਰੈਂਟ ਕਾਰੋਬਾਰੀ ਕੋਲੋਂ 1 ਤੋਂ 2 ਕਰੋੜ ਰੁਪਏ ਦੀ ਡਿਮਾਂਡ ਕੀਤੀ। ਰਕਮ ਨਾ ਦੇਣ ਦੀ ਸੂਰਤ 'ਚ ਉਸ ਨੇ ਕਾਰੋਬਾਰੀ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ ਹਨ। ਕੁਝ ਦਿਨ ਬਾਅਦ ਵੀ ਕਾਰੋਬਾਰੀ ਨੂੰ ਲਗਾਤਾਰ ਵ੍ਹਟਸਐਪ ਕਾਲਾਂ ਆਉਂਦੀਆਂ ਰਹੀਆਂ ਹਨ। ਇਸ ਮਾਮਲੇ 'ਚ ਥਾਣਾ ਡੇਹਲੋਂ ਦੇ ਏਐਸਆਈ ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਮੁਲਜ਼ਮ ਖਿਲਾਫ਼ ਐਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।