ਬੀਬੀਐਨ ਨੈਟਵਰਕ ਪੰਜਾਬ ਅੰਮ੍ਰਿਤਸਰ ਬਿਊਰੋ,4 ਨਵੰਬਰ
ਮੁਹਾਲੀ 'ਚ ਕੌਮੀ ਇਨਸਾਫ ਮੋਰਚਾ ਵੱਲੋਂ ਲਗਾਏ ਗਏ ਇਨਸਾਫ ਮੋਰਚੇ ਦੌਰਾਨ ਇਕ ਨਾਬਾਲਗ ਨੇ ਪੁਲਿਸ ਨਾਲ ਝੜਪ ਕਰ ਕੇ ਪੁਲਿਸ ਦੀ ਸੁਰੱਖਿਆ ਜੈਕਟ ਖੋਹ ਲਈ ਸੀ, ਜਿਸ ਤੋਂ ਬਾਅਦ ਉਹ ਕਾਫੀ ਮਸ਼ਹੂਰ ਹੋ ਗਿਆ ਸੀ। ਇਸ ਤੋਂ ਬਾਅਦ ਉਹ ਅਕਸਰ ਆਪਣੀਆਂ ਰੀਲਸ ਬਣਾਉਂਦਾ ਨਜ਼ਰ ਆਇਆ ਪਰ ਇਸ ਵਾਰ ਆਪਣੀ ਪਛਾਣ ਨੂੰ ਹੋਰ ਪੱਕਾ ਕਰਨ ਲਈ ਉਸ ਨੇ ਇਕ ਨਵੀਂ ਰੀਲ ਤਿਆਰ ਕੀਤੀ, ਜਿਸ ਵਿਚ ਉਸ ਨੇ ਸੜਕ 'ਤੇ ਜਨਤਕ ਤੌਰ 'ਤੇ ਆਪਣੇ ਆਪ ਨੂੰ ਹਵਾਈ ਫਾਇਰ ਕਰਦੇ ਦੀ ਵੀਡੀਓ ਬਣਾਈ।ਇਹ ਵੀਡੀਓ ਉਸਨੇ ਗੋਲਡਨ ਗੇਟ ਨੇੜੇ ਬਣਾਇਆ ਹੈ, ਜਿਸ ਵਿਚ ਉਹ ਪਿਸਤੌਲ ਲੈ ਕੇ ਸ਼ਰੇਆਮ ਚੱਲਦਾ ਹੋਇਆ ਦਿਸ ਰਿਹਾ ਹੈ ਤੇ ਬਾਅਦ ਵਿਚ ਉਸੇ ਨਾਲ ਫਾਇਰ ਕਰਦਾ ਹੈ। ਇਹ ਵੀਡੀਓ ਜਿਉਂ ਹੀ ਵਾਇਰਲ ਹੋਈ ਪੁਲਿਸ ਹਰਕਤ 'ਚ ਆਈ ਤੇ ਨਾਬਾਲਗ ਨੂੰ ਗ੍ਰਿਫ਼ਤਾਰ ਕਰ ਲਿਆ। ਨਾਬਾਲਗ ਖ਼ਿਲਾਫ਼ ਥਾਣਾ ਮਕਬੂਲਪੁਰਾ ਪੁਲਿਸ ਨੇ ਕੇਸ ਵੀ ਦਰਜ ਕਰ ਲਿਆ ਹੈ ਜਿਸ ਤੋਂ ਬਾਅਦ ਉਸ ਨੂੰ ਜੁਵੇਨਾਈਲ ਵੀ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਉਹ ਹਥਿਆਰ ਵੀ ਜ਼ਬਤ ਕਰ ਲਿਆ ਹੈ ਜਿਸ ਨਾਲ ਉਸ ਨੇ ਹਵਾਈ ਫਾਇਰ ਕੀਤੇ ਸੀ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਪਿਸਤੌਲ ਲਾਇਸੈਂਸੀ ਸੀ ਜਾਂ ਗੈਰ-ਕਾਨੂੰਨੀ, ਫਿਲਹਾਲ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੈ।