ਬੀਬੀਐਨ ਨੈਟਵਰਕ ਪੰਜਾਬ ਲੁਧਿਆਣਾ ਬਿਊਰੋ,16 ਨਵੰਬਰ
ਰਿਸ਼ਤਿਆਂ ਨੂੰ ਤਾਰ-ਤਾਰ ਕਰਦਿਆਂ ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਪਤਨੀ ਹੱਥੋਂ ਕਤਲ ਹੋਏ ਵਿਅਕਤੀ ਦੀ ਪਛਾਣ ਜਗੀਰਪੁਰ ਰੋਡ ਦੇ ਰਹਿਣ ਵਾਲੇ ਵਿਨੋਦ ਰਾਮ ਦੇ ਰੂਪ ਵਿਚ ਹੋਈ ਹੈ ਅਤੇ ਪਿੰਡ ਮਿਹਰਬਾਨ ਵਾਸੀ ਗੋਪਾਲ ਕੁਮਾਰ ਨਾਲ ਨਾਜਾਇਜ਼ ਸਬੰਧ ਸਨ। ਰੰਜੀਤਾ ਦੇ ਨਾਜਾਇਜ਼ ਸਬੰਧਾਂ ਨੂੰ ਲੈ ਕੇ ਵਿਨੋਦ ਰਾਮ ਨੇ ਕਈ ਵਾਰ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਹਾਲਾਤ ਨਾ ਸੁਧਰੇ ਤਾਂ ਘਰ ਦਾ ਮਾਹੌਲ ਵਿਗੜਨਾ ਸ਼ੁਰੂ ਹੋ ਗਿਆ। ਜਦੋਂ ਵਿਨੋਦ ਨੇ ਪਤਨੀ ਨੂੰ ਜ਼ਿਆਦਾ ਰੋਕਣਾ-ਟੋਕਣਾ ਸ਼ੁਰੂ ਕੀਤਾ ਤਾਂ ਉਸ ਨੇ ਪ੍ਰੇਮੀ ਗੋਪਾਲ ਨਾਲ ਮਿਲ ਕੇ ਉਸ ਨੂੰ ਰਸਤੇ ਤੋਂ ਹਟਾਉਣ ਦੀ ਜੁਗਤ ਘੜੀ ਅਤੇ ਦੀਵਾਲੀ ਦੀ ਰਾਤ ਰੰਜੀਤਾ ਨੂੰ ਮੌਕਾ ਚੰਗਾ ਲੱਗਾ ਕਿਉਂਕਿ ਉਸ ਦੇ ਤਿੰਨੋਂ ਬੱਚੇ ਪਿੰਡ ਗਏ ਹੋਏ ਸਨ ਅਤੇ ਦੀਵਾਲੀ ਕਾਰਨ ਵਿਨੋਦ ਨੇ ਕਾਫ਼ੀ ਸ਼ਰਾਬ ਪੀਤੀ ਹੋਈ ਸੀ। ਵਾਰਦਾਤ ਨੂੰ ਅੰਜਾਮ ਦੇਣ ਲਈ ਮੌਕਾ ਚੰਗਾ ਸਮਝ ਕੇ ਉਸ ਨੇ ਬਿਜਲੀ ਦੀ ਤਾਰ ਲਾ ਕੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਕਤ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਟਿੱਬਾ ਦੇ ਮੁਖੀ ਇੰਸਪੈਕਟਰ ਲਵਦੀਪ ਸਿੰਘ ਨੇ ਦੱਸਿਆ ਕਿ ਕਤਲ ਦੇ ਦੋਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।