ਬੀਬੀਐਨ ਨੈਟਵਰਕ ਪੰਜਾਬ ਤਰਨਤਾਰਨ ਬਿਊਰੋ,17 ਨਵੰਬਰ
ਸਰਹੱਦੀ ਪਿੰਡ ਢੰਡ ਵਿਖੇ ਵੀਰਵਾਰ ਦੇਰ ਸ਼ਾਮ ਰਾਜੂ ਫਿਿਲੰਗ ਸਟੇਸ਼ਨ ਨਾਂ ਦੇ ਪੈਟਰੋਲ ਪੰਪ ਤੋਂ ਤਿੰਨ ਹਥਿਆਰਬੰਦ ਨਕਾਬਪੋਸ਼ਾਂ ਨੇ ਪੰਪ ਦੇ ਮਾਲਕ ਅਤੇ ਕਰਿੰਦੇ ਕੋਲੋਂ 50 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਹੈ।ਪੰਪ ਦੇ ਮਾਲਕ ਕੇਵਲ ਸਿੰਘ ਪੁੱਤਰ ਜਗਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਢੰਡ ਦੇ ਛੇਹਰਟਾ ਰੋਡ 'ਤੇ ਪੰਪ ਹੈ ਤੇ ਪੰਪ ਦੇ ਪਿਛਲੇ ਪਾਸੇ ਹੀ ਘਰ ਹੈ। ਅੱਜ ਸ਼ਾਮ ਉਹ ਪੰਪ ਤੋਂ ਵਟਤ ਇਕੱਠੀ ਕਰ ਕੇ ਹਾਲੇ ਦਫ਼ਤਰ ਵਿਚ ਹੀ ਬੈਠਾ ਸੀ ਕਿ ਇਕ ਮੋਟਰਸਾਈਕਲ 'ਤੇ ਆਏ ਤਿੰਨ ਹਥਿਆਰਬੰਦ ਨਕਾਬਪੋਸ਼ਾਂ ਨੇ ਉਨ੍ਹਾਂ ਦੇ ਕਰਮਚਾਰੀ ਕੋਲੋਂ 5 ਹਜ਼ਾਰ ਰੁਪਏ ਅਤੇ ਉਸ ਕੋਲੋਂ 45 ਹਜ਼ਾਰ ਦੀ ਨਕਦੀ ਪਿਸਤੌਲ ਦਿਖਾ ਕੇ ਲੁੱਟ ਲਈ ਹੈ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਦਾ ਇਕ ਸਾਥੀ ਇਸ ਘਟਨਾਕ੍ਰਮ ਦੌਰਾਨ ਮੋਟਰਸਾਈਕਲ 'ਤੇ ਸਵਾਰ ਰਿਹਾ ਤੇ ਲੁੱਟ ਨੂੰ ਅੰਜਾਮ ਦਿੰਦਿਆਂ ਹੀ ਉਹ ਰਫੂ ਚੱਕਰ ਹੋ ਗਏ। ਘਟਨਾ ਦਾ ਪਤਾ ਲੱਗਦੇ ਹੀ ਮੌਕੇ 'ਤੇ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਨਰਿੰਦਰ ਸਿੰਘ ਢੋਟੀ ਪੁਲਿਸ ਪਾਰਟੀ ਸਮੇਤ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਅਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।