ਬੀਬੀਐਨ ਨੈਟਵਰਕ ਪੰਜਾਬ ਜਲੰਧਰ ਬਿਊਰੋ,22 ਨਵੰਬਰ
ਗੰਨੇ ਦੇ ਭਾਅ ਵਧਾਉਣ ਤੇ ਬਕਾਇਆ ਰਾਸ਼ੀ ਅਦਾ ਕਰਨ ਦੀ ਮੰਗ ਲੈ ਕੇ ਮੰਗਲਵਾਰ ਨੂੰ ਜਲੰਧਰ-ਲੁਧਿਆਣਾ ਕੌਮੀ ਮਾਰਗ ’ਤੇ ਪੈਂਦੇ ਪਿੰਡ ਧੰਨੋਵਾਲੀ ਵਿਖੇ ਕਿਸਾਨਾਂ ਵੱਲੋਂ ਦਿੱਤਾ ਗਿਆ ਧਰਨਾ ਬੁੱਧਵਾਰ ਨੂੰ ਦੂਜੇ ਦਿਨ ਵੀ ਜਾਰੀ ਹੈ। ਹਾਲਾਂਕਿ ਸਰਵਿਸ ਲਾਈਨਾਂ ਚੱਲਣ ਕਾਰਨ ਵਾਹਨ ਆ-ਜਾ ਰਹੇ ਹਨ। ਜਲੰਧਰ ਪ੍ਰਸ਼ਾਸਨ ਵੱਲੋਂ ਕਈ ਰੂਟ ਵੀ ਡਾਈਵਰਟ ਕਰ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੰਗਲਵਾਰ ਨੂੰ ਇਹ ਧਰਨਾ ਰਾਹਗੀਰਾਂ ਲਈ ਮੁਸੀਬਤ ਬਣ ਗਿਆ। ਧਰਨੇ ਕਾਰਨ ਸੜਕ ’ਤੇ ਜਾਮ ਲੱਗ ਗਿਆ ਤੇ ਇਸ ਮਾਰਗ ਰਾਹੀਂ ਵੱਖ-ਵੱਖ ਸੂਬਿਆਂ ਤੋਂ ਆਉਣ-ਜਾਣ ਵਾਲਾ ਟ੍ਰੈਫਿਕ ਪੂਰੀ ਤਰ੍ਹਾਂ ਠੱਪ ਹੋ ਗਿਆ। ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਅ। ਮਰੀਜ਼ਾਂ, ਵਿਦਿਆਰਥੀਆਂ, ਔਰਤਾਂ ਬੱਚਿਆਂ ਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕ ਬਦਲਵੇਂ ਰਸਤੇ ਲੱਭਦੇ ਰਹੇ ਪਰ ਜਾਮ ’ਚੋ ਨਿਕਲ ਕੇ ਬਦਲਵੇਂ ਰੱਸਤੇ ਤੱਕ ਜਾਣਾ ਵੀ ਮੁਸ਼ਕਲ ਹੋ ਗਿਆ ਸੀ ਅਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਤੇ ਦੋਆਬਾ ਕਿਸਾਨ ਕਮੇਟੀ ਦੀ ਅਗਵਾਈ ਹੇਠ ਦਿੱਤੇ ਗਏ ਇਸ ਧਰਨੇ ’ਚ ਕਈ ਹੋਰ ਜਥੇਬੰਦੀਆ ਨੇ ਹਿੱਸਾ ਲਿਆ। ਕਿਸਾਨਾਂ ਦੀ ਮੰਗ ਹੈ ਕਿ ਗੰਨੇ ਦਾ ਭਾਅ ਵਧਾ ਕੇ 450 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ ਅਤੇ ਕਿਸਾਨਾਂ ’ਚ ਇਸ ਗੱਲ ਨੂੰ ਲੈ ਕੇ ਵੀ ਰੋਸ ਹੈ ਕਿ 21 ਨਵੰਬਰ ਤਕ ਸਰਕਾਰ ਨੇ ਖੰਡ ਮਿੱਲਾਂ ਚਾਲੂ ਨਹੀਂ ਕੀਤੀਆ।ਕਿਸਾਨਾਂ ਵੱਲੋਂ ਲਾਏ ਗਏ ਜਾਮ ਕਾਰਨ ਹਾਈਵੇ ਤੋਂ ਗੁਜ਼ਰ ਰਹੇ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਕਾਫ਼ਲਾ ਵੀ ਫਸ ਗਿਆ। ਉਨ੍ਹਾਂ ਨਾਲ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਗੱਡੀ ਜਾਮ ’ਚੋਂ ਕੱਢਣ ਲਈ ਕਾਫੀ ਦੇਰ ਤਕ ਮੁਸ਼ਕਤ ਕਰਨੀ ਪਈ। ਅਖ਼ੀਰ ਉਹ ਵਾਪਸ ਪਰਤ ਗਏ।