ਬੀਬੀਐਨ ਨੈਟਵਰਕ ਪੰਜਾਬ ਚੰਡੀਗੜ੍ਹ ਬਿਊਰੋ, 22 ਨਵੰਬਰ
ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਫੈਕਟਰੀਜ਼ ਐਕਟ 1948 ਦੇ ਸੈਕਸ਼ਨ ਅਨੁਸਾਰ ਕੰਮ ਵਾਲੇ ਘੰਟਿਆਂ ਦੀ ਗਿਣਤੀ ਪਹਿਲਾਂ ਵਾਂਗ 8 ਘੰਟੇ ਹੀ ਹੈ ਜਿਸ ਵਿਚ ਆਰਾਮ ਦਾ ਸਮਾਂ ਸ਼ਾਮਲ ਨਹੀਂ ਹੈ। ਐਕਟ ਅਨੁਸਾਰ ਕਿਸੇ ਵੀ ਬਾਲਗ ਕਾਮੇ ਤੋਂ 48 ਘੰਟਿਆਂ ਤੋਂ ਵੱਧ ਕੰਮ ਨਹੀਂ ਲਿਆ ਜਾ ਸਕਦਾ ਅਤੇ ਜੇ ਕਿਸੇ ਕਾਮੇ ਦੇ ਕੰਮ ਵਾਲੇ ਘੰਟਿਆਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਬਾਲਗ ਕਾਮੇ ਨੂੰ ਫੈਕਟਰੀਜ਼ ਐਕਟ 1948 ਦੇ ਸੈਕਸ਼ਨ 59 ਅਨੁਸਾਰ ਓਵਰਟਾਈਮ ਦੇਣਾ ਜ਼ਰੂਰੀ ਹੈ। ਇਸ ਮੱਦ ਅਨੁਸਾਰ ਫੈਕਟਰੀ ਵਿਚ ਕੰਮ ਕਰਨ ਵਾਲਾ ਵਰਕਰ ਜੇ ਕੰਮ-ਕਾਜੀ ਦਿਨ ਦੌਰਾਨ 9 ਘੰਟੇ ਤੋਂ ਵੱਧ ਕੰਮ ਕਰਦਾ ਹੈ ਅਤੇ ਹਫ਼ਤੇ ਵਿਚ 48 ਘੰਟੇ ਤੋਂ ਵੱਧ ਕੰਮ ਕਰਦਾ ਹੈ ਤਾਂ ਉਸ ਨੂੰ ਦਿਹਾੜੀ ਤੋਂ ਦੋ ਗੁਣਾਂ ਤਨਖ਼ਾਹ ਦੇਣੀ ਲਾਜ਼ਮੀ ਹੈ। ਵਰਕਰ ਨੂੰ ਲਗਾਤਾਰ 7 ਦਿਨ ਤੋਂ ਵੱਧ ਓਵਰਟਾਈਮ ਨਹੀਂ ਕਰ ਸਕਦਾ। ਇਸ ਦੇ ਨਾਲ ਹੀ ਇਕ ਹਫ਼ਤੇ ਵਿਚ ਕਿਸੇ ਵੀ ਵਰਕਰ ਦੇ ਕੰਮ-ਕਾਜੀ ਘੰਟੇ 60 ਤੋਂ ਵੱਧ ਨਹੀਂ ਹੋ ਸਕਦੇ ਅਤੇ ਨਾ ਹੀ ਇਕ ਪੰਦਰਵਾੜੇ ਵਿਚ ਕਿਸੇ ਵਰਕਰ ਦੇ ਕੰਮ-ਕਾਜੀ ਘੰਟੇ 115 ਤੋਂ ਵੱਧ ਹੋ ਸਕਦੇ ਹਨ।