ਬੀਬੀਐਨ ਨੈਟਵਰਕ ਪੰਜਾਬ ਰੋਪੜ ਬਿਊਰੋ,23 ਨਵੰਬਰ
ਪੰਜਾਬ ਦੀ ਪੁਰਾਤਨ ਖੇਤੀ ਤੋਂ ਦਿਨੋਂ ਦਿਨ ਅੱਡ ਹੋ ਰਹੇ ਕਿਸਾਨਾਂ ਲਈ ਪਿੰਡ ਮੂਸਾਪੁਰ ਦੇ ਤਿੰਨ ਭਰਾ ਕਿਰਤ-ਕਮਾਈ ਦੇ ਨਾਲ-ਨਾਲ ਸ਼ੁੱਧ ਗੁੜ ਦਾ ਉਤਪਾਦਨ ਕਰ ਕੇ ਵੱਡੀ ਮਿਸਾਲ ਪੈਦਾ ਕਰ ਰਹੇ ਹਨ। ਪਿੰਡ ਮੂਸਾਪੁਰ ਦੇ ਤਿੰਨੋਂ ਭਰਾ ਹਰਬੰਸ ਸਿੰਘ, ਫੰਮਣ ਸਿੰਘ ਤੇ ਬਿੱਕਰ ਸਿੰਘ ਆਪਣੇ ਪੁਰਖਿਆਂ ਤੋਂ ਲਈ ਗੁੜ੍ਹਤੀ ਤਹਿਤ 1965 ਤੋਂ ਪੁਰਾਤਨ ਵੇਲਣਿਆਂ ਦੇ ਨਾਲ ਗੰਨੇ ਦਾ ਰਸ ਕੱਢ ਕੇ ਸ਼ੁੱਧ ਗੁੜ ਤਿਆਰ ਕਰ ਕੇ ਜਿੱਥੇ ਇਕ ਏਕੜ ਦੀ ਫਸਲ ਪਿੱਛੇ ਖਰਚੇ ਕੱਢ ਕੇ 2 ਲੱਖ ਰੁਪਏ ਪ੍ਰਤੀ ਸਾਲ ਮੁਨਾਫਾ ਕਮਾ ਰਹੇ ਹਨ, ਉੱਥੇ ਹੀ ਲੋਕਾਂ ਨੂੰ ਸ਼ੂਗਰ ਤੋਂ ਬਚਾਉਣ ਲਈ ਵੱਡਾ ਉਦਮ ਕਰ ਰਹੇ ਹਨ ਅਤੇ ਰਾਣਾ ਨੇ ਕਿਹਾ ਕਿ ਸਾਡੇ ਇਲਾਕੇ ਦੇ ਕਿਸਾਨ ਨਿਰੰਤਰ ਪੁਰਾਤਨ ਖੇਤੀ ਕਮਾਦਾਂ ਤੇ ਵੇਲਣਿਆਂ ਦੇ ਕਾਰੋਬਾਰਾਂ ਤੋਂ ਦੂਰ ਹੁੰਦੇ ਜਾ ਰਹੇ ਹਨ ਜਦਕਿ ਪੁਰਾਤਨ ਖੇਤੀ ਫਸਲੀ ਵਿਭਿੰਨਤਾ ਦੇ ਨਾਲ-ਨਾਲ ਤੰਦਰੁਸਤੀ ਕਾਇਮ ਰੱਖਣ ਵਿਚ ਵੀ ਵੱਡਾ ਯੋਗਦਾਨ ਪਾਉਂਦੀ ਹੈ। ਤਿੰਨੇ ਭਰਾਵਾਂ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗ ਪੁਰਾਤਨ ਸਮੇਂ ਵਿਚ ਬਲ਼ਦਾਂ ਰਾਹੀਂ ਵੇਲਣੇ ਘੁਮਾ ਕੇ ਰਸ ਕੱਢ ਕੇ ਗੁੜ ਤਿਆਰ ਕਰਦੇ ਸਨ ਅਤੇ ਅੱਜ ਵੀ ਉਹ ਆਪਣੇ ਬਜ਼ੁਰਗਾਂ ਦੇ ਪੁਰਾਤਨ ਕਿੱਤੇ ’ਤੇ ਪਹਿਰਾ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁੜ ਨੂੰ ਬਿਨਾਂ ਕੈਮੀਕਲ ਤੋਂ ਤਿਆਰ ਕੀਤਾ ਜਾਂਦਾ ਹੈ ਤੇ ਇਸ ਨੂੰ ਤਿਆਰ ਕਰਨ ਦਾ ਸਹੀ ਤਰੀਕਾ ਇਕ ਵਾਰ ਦੇ ਘਾਣੇ ਵਿਚ ਸਿਰਫ 60 ਲੀਟਰ ਗੰਨੇ ਦਾ ਰਸ ਪਾਉਣ ਨਾਲ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਦੇ ਸਾਰੇ ਜੀਅ ਸਵੇਰੇ 2 ਵਜੇ ਤੋਂ ਕਮਾਦੀ ਛਿੱਲਣ ਤੋਂ ਲੈ ਕੇ ਗੁੜ ਬਣਾਉਣ ਤੱਕ ਦੁਪਹਿਰ ਦੇ 2 ਵਜੇ ਤੱਕ ਕੰਮ ਕਰਦੇ ਹਨ ਅਤੇ ਉਹ ਗੁੜ ਸਿਰਫ ਉਸੇ ਹੀ ਵਿਅਕਤੀ ਨੂੰ ਦਿੰਦੇ ਹਨ ਜੋ ਮੌਕੇ ’ਤੇ ਆ ਕੇ ਜਿਹੜਾ ਆਪਣੀ ਪਹਿਲਾਂ ਬੁਕਿੰਗ ਕਰਵਾ ਲਵੇ। ਉਨ੍ਹਾਂ ਕਿਹਾ ਕਿ ਜਿੱਥੇ ਸਾਨੂੰ ਇਕ ਸੀਜ਼ਨ ਦੇ ਪਿੱਛੇ ਖਰਚੇ ਕੱਢ ਕੇ 2 ਲੱਖ ਰੁਪਏ ਪ੍ਰਤੀ ਏਕੜ ਬਚਦਾ ਹੈ, ਉੱਥੇ ਹੀ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਅਸੀਂ ਲੋਕਾਂ ਨੂੰ ਸ਼ੁੱਧ ਤੇ ਖੇਤੀ ਦੇ ਉਤਪਾਦ ਭੇਟ ਕਰ ਰਹੇ ਹਾਂ।