ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, ਬਰਨਾਲਾ 23 ਨਵੰਬਰ
ਸਿਹਤ ਵਿਭਾਗ ਵਿੱਚ ਜਦੋਂ ਵੀ ਕੋਈ ਸਰਕਾਰੀ ਡਾਕਟਰ ਸਰਕਾਰੀ ਪੱਧਰ ‘ਤੇ ਐਮ.ਡੀ. ਕਰਨ ਲਈ ਜਾਂਦਾ ਹੈ ਤਾਂ ਸਿਹਤ ਵਿਭਾਗ ਵਿੱਚ ਦਸ ਸਾਲ ਨੌਕਰੀ ਕਰਨ ਜਾਂ 50 ਲੱਖ ਰਾਸ਼ੀ ਬਾਂਡ ਵੱਜੋ ਭਰਨ ਦੀ ਸ਼ਰਤ ਤੋਂ ਬਾਅਦ ਜਾਂਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਾਲ ਜੁਲਾਈ 2020 ਵਿੱਚ ਇੱਕ ਡਾਕਟਰ ਸਿਵਲ ਹਸਪਤਾਲ ਬਰਨਾਲਾ ਵਿਖੇ ਰੇਡਿਓਲੋਜਿਸਟ ਵੱਜੋ ਜੁਆਇਨ ਕਰਦੇ ਹਨ ਜਿਸਨੇ ਐਮ.ਡੀ. ਸਰਕਾਰੀ ਕੋਟੇ ਤਹਿਤ ਕੀਤੀ ਸੀ ਅਤੇ ਸਰਕਾਰ ਨੂੰ ਬਾਂਡ ਦਿੱਤਾ ਗਿਆ ਸੀ ਓਹ ਜਾਂ ਤਾਂ ਸਿਹਤ ਵਿਭਾਗ ਵਿੱਚ ਦਸ ਸਾਲ ਨੌਕਰੀ ਪੂਰੀ ਕਰਨਗੇ ਜਾਂ ਦਸ ਸਾਲ ਤੋਂ ਪਹਿਲਾਂ ਨੌਕਰੀ ਛੱਡਣ ਦੀ ਸੂਰਤ ਵਿੱਚ 50 ਲੱਖ ਦੀ ਰਾਸ਼ੀ ਭਰਣਗੇ ਪਰ ਉਪਰੋਕਤ ਡਾਕਟਰ ਵੱਲੋਂ ਸਾਲ 2021 ਤੋਂ ਬਾਅਦ ਬਿਨਾਂ ਕਿਸੇ ਕਾਰਨ ਦੱਸੇ ਗੈਰ ਹਾਜ਼ਰ ਹੋ ਗਏ। ਡਾ ਔਲ਼ਖ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੋ ਡਾਕਟਰ ਗੈਰ ਹਾਜ਼ਰ ਚੱਲ ਰਿਹਾ ਹੈ ਓਹ ਹਰਿਆਣੇ ਦੇ ਕਿਸੇ ਸਕੈਨ ਸੈਂਟਰ ਵਿੱਚ ਨੌਕਰੀ ਕਰ ਰਿਹਾ ਹੈ ਇਸ ਉਪਰੰਤ ਦਫ਼ਤਰ ਸਿਵਲ ਸਰਜਨ ਬਰਨਾਲਾ ਦੀ ਟੀਮ ਵੱਲੋਂ ਹਰਿਆਣੇ ਦੇ ਸਕੈਨ ਸੈਂਟਰ ਵਿੱਚ ਜਾਂਚ ਕੀਤੀ ਗਈ ਅਤੇ ਸਬੰਧਿਤ ਡਾਕਟਰ ਦੀ ਵੀਡਿਓਗ੍ਰਾਫੀ ਅਤੇ ਤਸਵੀਰਾਂ ਵੀ ਸਬੂਤ ਵੱਜੋ ਖਿੱਚੀਆਂ ਗਈਆਂ ਅਤੇ ਡਾਕਟਰ ਦੀ ਸਕੈਨ ਸੈਂਟਰ ਵਿੱਚ ਦਸਤਖਤ ਕੀਤੀ ਰਿਪੋਰਟ ਵੀ ਸਬੂਤ ਵੱਜੋ ਇਕੱਤਰ ਕੀਤੀ ਗਈ। ਇਸ ਉਪਰੰਤ ਸਿਵਲ ਸਰਜਨ ਬਰਨਾਲਾ ਵਲ਼ੋਂ ਸਬੰਧਿਤ ਡਾਕਟਰ ਨੂੰ ਦੁਬਾਰਾ ਨੌਕਰੀ ਜੁਆਇਨ ਕਰਨ ਲਈ ਕਿਹਾ ਗਿਆ ਪਰ ਸਬੰਧਿਤ ਡਾਕਟਰ ਵੱਲੋਂ ਮੁੜ ਜੁਆਇਨ ਕਰਨ ਦੀ ਬਜਾਏ ਤਿੰਨ ਮਹੀਨਿਆਂ ਦੀ ਤਨਖਾਹ ਸਮੇਤ ਅਸਤੀਫ਼ਾ ਵਿਭਾਗ ਨੂੰ ਭੇਜ ਦਿੱਤਾ ਗਿਆ ਜੋ ਕਿ ਨਾ ਮਨਜ਼ੂਰ ਕਰ ਦਿੱਤਾ ਗਿਆ । ਉਪਰੰਤ ਡਾਕਟਰ ਵੱਲੋਂ ਹਾਈ ਕੋਰਟ ਵਿੱਚ ਪਹੁੰਚ ਵੀ ਕੀਤੀ ਗਈ ਜਿਸਤੋਂ ਕੋਈ ਰਾਹਤ ਨਾ ਮਿਲੀ। ਇਸਦੇ ਨਾਲ ਹੀ ਸਿਹਤ ਤੇ ਪਰਿਵਾਰ ਵਿਭਾਗ ਵੱਲੋ ਰੈਗੂਲਰ ਪੜਤਾਲ ਆਰੰਭ ਕੀਤੀ ਗਈ ਅਤੇ ਬਰਨਾਲਾ ਦੀ ਜੁਡੀਸ਼ਲ ਕੋਰਟ ਵਿੱਚ ਰਿਕਵਰੀ ਵਾਸਤੇ ਸਿਹਤ ਵਿਭਾਗ ਵੱਲੋ ਡਾਕਟਰ ਖ਼ਿਲਾਫ਼ ਕੇਸ ਦਾਇਰ ਕੀਤਾ ਗਿਆ । ਇਸੇ ਦੌਰਾਨ ਡਾਕਟਰ ਵੱਲੋਂ ਬੀਤੇ ਦਿਨ ਪੱਚੀ ਲੱਖ ਚਲਾਨ ਰਾਸ਼ੀ ਸੀਨਿਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਬਰਨਾਲਾ ਦੇ ਖਾਤੇ ਵਿੱਚ ਜਮਾਂ ਕਰਵਾ ਦਿੱਤੇ ਗਏ। ਡਾ ਜੋਤੀ ਕੌਸਲ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਓ ਕਿ ਸਬੰਧਿਤ ਡਾਕਟਰ ਵੱਲੋਂ ਬਾਕੀ ਰਾਸ਼ੀ ਪੱਚੀ ਲੱਖ ਰੁਪਏ ਫਰਵਰੀ 2024 ਤੱਕ ਭਰ ਦਿੱਤੇ ਜਾਣ ਸਬੰਧੀ ਬੇਨਤੀ ਕੀਤੀ ਗਈ ਹੈ।